ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਜਦ ਤੋਂ ਹੋਰ ਜ਼ਮਾਨੇ ਆਏ ਬਦਲੇ ਨੇ ਹਾਲਾਤ ਮੀਆਂ।
ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਏ ਰਾਤ ਮੀਆਂ।

ਏਸ ਘਰ ਦੀਆਂ ਨੀਹਾਂ ਦੇ ਵਿਚ ਸਿਰ ਰੱਖੇ ਸੀ ਏਸ ਲਈ,
ਪੁੱਤ ਪੋਤਰੇ ਵਾਸ ਕਰਨਗੇ ਜਦ ਆਊ ਬਰਸਾਤ ਮੀਆਂ।

ਰੋਜ਼ ਦਿਹਾੜੀ ਸੱਥਰ ਵਿਛਦੇ ਕੀਰਨਿਆਂ ਦੀ 'ਵਾਜ਼ ਸੁਣੇ
ਇਕ ਇਕ ਕਰਕੇ ਕਤਲ ਹੋ ਰਹੇ ਹੁਣ ਮੇਰੇ ਜਜ਼ਬਾਤ ਮੀਆਂ।

ਰਾਜ ਮਹਿਲ ਦੇ ਵਾਸੀ ਸੱਜਣਾ ਤੂੰ ਵੀ ਬਾਹਰ ਝਾਕ ਜ਼ਰਾ,
ਕਈ ਵਰ੍ਹਿਆਂ ਤੋਂ ਇਸ ਬਸਤੀ ਵਿਚ ਆਈ ਨਾ ਪ੍ਰਭਾਤ ਮੀਆਂ।

ਮੇਰੀ ਚੀਖ਼ ਸੁਣਦਿਆ ਲੋਕਾਂ ਜਾਗ ਅਤੇ ਸੰਘਰਸ਼ ਵੀ ਕਰ,
ਸੁੱਤਿਆਂ ਸੁੱਤਿਆਂ ਇਹ ਨਾ ਮੁੱਕਣੀ ਗ਼ਮ ਦੀ ਕਾਲ਼ੀ ਰਾਤ ਮੀਆਂ।

ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣੈਂ ਹਮ-ਸਫ਼ਰੋ,
ਹਰ ਵਾਰੀ ਨਹੀਂ ਆਉਂਦਾ ਹੁੰਦਾ ਧਰਤੀ 'ਤੇ ਸੁਕਰਾਤ ਮੀਆਂ।

ਜਿਹੜੇ ਵੇਲੇ ਚੋਗਾ ਚੁਗ ਕੇ ਪੰਛੀ ਘਰ ਨੂੰ ਮੁੜਦੇ ਨੇ,
ਇਕ ਦੂਜੇ ਤੋਂ ਲੁਕਦੇ ਫਿਰੀਏ ਮੈਂ ਤੇ ਮੇਰੀ ਜ਼ਾਤ ਮੀਆਂ।

ਮੈਂ ਤਾਂ ਏਸ ਚੌਰਾਹੇ ਦੇ ਵਿਚ ਬਲਦਾ ਦੀਵਾ ਧਰ ਚੱਲਿਆਂ,
ਲਾਟ ਬਚਾਇਓ ਨ੍ਹੇਰੀ ਕੋਲੋਂ ਸਿਰ 'ਤੇ ਕਾਲ਼ੀ ਰਾਤ ਮੀਆਂ।

ਬੋਲ ਮਿੱਟੀ ਦਿਆ ਬਾਵਿਆ /73