ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਮੈਂ ਤੰਬੂ ਹੇਠ ਮਰ ਚੱਲਿਆਂ ਕਿਸੇ ਨੇ ਵੱਢੀਆਂ ਤਣੀਆਂ।
ਇਕੱਲੀ ਜਾਨ ਤੇ ਲੱਖਾਂ ਕਰੋੜਾਂ ਮੁਸ਼ਕਲਾਂ ਬਣੀਆਂ।

ਅਸੀਂ ਤਪਦੇ ਮਹੀਨੇ ਮੰਗਿਆ ਸੀ ਮੇਘਲਾ ਤੈਥੋਂ,
ਤੂੰ ਸਾਨੂੰ ਬਖਸ਼ੀਆਂ ਤੇਜ਼ਾਬ ਦੇ ਬੱਦਲ ਦੀਆਂ ਕਣੀਆਂ।

ਅਸੀਂ ਵਰਮੀ ਦੇ ਅੰਦਰ ਹੱਥ ਪਾ ਕੇ ਵੇਖ ਆਏ ਹਾਂ,
ਸਿਰਾਂ ਨੂੰ ਪੀੜਿਆਂ ਬਿਨ ਮਿਲਣ ਨਾ ਨਾਗਾਂ ਦੀਆਂ ਮਣੀਆਂ।

ਮੇਰੀ ਗ਼ੈਰਤ ਕਦੇ ਵੀ ਹਾਕਮਾਂ ਨੂੰ ਰਾਸ ਨਹੀਂ ਆਉਂਦੀ,
ਇਸੇ ਕਰਕੇ ਮੇਰੀ ਹਿੱਕ ਦੇ ਸੰਗੀਨਾਂ ਰਹਿੰਦੀਆਂ ਤਣੀਆਂ।

ਇਹ ਕਿੱਧਰ ਤੁਰ ਪਿਆ ਹੈ ਵਕਤ ਵੇਖੋ ਤੇ ਜ਼ਰਾ ਸੋਚੋ,
ਹਿਲਾਵੇ ਤਾਰ ਕਿਹੜਾ ਬੈਠ ਕਿੱਥੇ ਖਿੱਚਦਾ ਤਣੀਆਂ।

ਅਸੀਂ ਪੁਤਲੀ ਦੇ ਵਾਂਗੂੰ ਨੱਚਦੇ ਹਾਂ ਰਾਤ ਦਿਨ ਯਾਰੋ,
ਨਚਾਵੇ ਬਣ ਮਦਾਰੀ ਵੇਖ ਲਉ ਇਹ ਵਕਤ ਦਾ ਬਣੀਆ।

ਉਨ੍ਹਾਂ ਨੂੰ ਕੀ ਪਤਾ ਹੈ ਤਿਤਲੀਆਂ ਦੀ ਮੌਤ ਦੇ ਬਾਰੇ,
ਜਿੰਨ੍ਹਾਂ ਦੇ ਨੇਤਰਾਂ 'ਚ ਪੁਤਲੀਆਂ ਪੱਥਰ ਦੀਆਂ ਬਣੀਆਂ।

ਬੋਲ ਮਿੱਟੀ ਦਿਆ ਬਾਵਿਆ /75