ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਅਸੀਂ ਇਹ ਜੰਗ ਪਛਾਣ ਲਈ ਹੈ ਤੇ ਇਸ ਦਾ ਜਾਰੀ ਹੋਣਾ ਦੇਖ ਰਹੇ ਹਾਂ ਤਾਂ ਅਸੀਂ ਖਾਮੋਸ਼ ਦਰਸ਼ਕ ਤਾਂ ਨਹੀਂ ਨਾ ਹੋਣੇ ਚਾਹੀਦੇ? ਜਾਂ ਸਮੱਸਿਆ ਨੂੰ ਪਛਾਣ ਲੈਣਾ ਹੀ ਕਾਫੀ ਹੈ? ਅਸੀਂ ਬਾਰਡਰ ਦੇ ਜੰਗ ਨੂੰ ਮੁੱਕਿਆ ਹੋਇਆ ਕਹਿ ਕੇ ਵੀ ਕਿੰਨਾ ਵੱਡਾ ਬਜਟ ਉਸ ਲਈ ਲਗਾ ਰਹੇ ਹਾਂ, ਤੇ ਇਸ ਪਾਸੇ ਵੀ ਤਾਂ ਸਾਡਾ ਧਿਆਣ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਦ੍ਰਿਸ਼ ਦਾ ਨਰੀਖਣ ਕਰੋ ਤਾਂ ਸਗੋਂ ਸਥਿਤੀ ਉਲਟ ਹੈ। ਅਸੀਂ ਇਸ ਲੜਾਈ ਵਿਚ ਖੁਦ ਹੀ ਭਾਗੀਦਾਰ ਬਣ ਕੇ ਪੇਸ਼ ਹੁੰਦੇ ਹਾਂ। ਸਾਰੇ ਕਹਿੰਦੇ ਹਨ ਪੁਲਿਸ ਅਤੇ ਪ੍ਰਸ਼ਾਸਨ ਸ਼ਖਤ ਹੋ ਜਾਵੇ ਤਾਂ ਅੱਜ ਇਹ ਸਮੈਕ ਦੀ ਬੀਮਾਰੀ ਮੁੱਕ ਜਾਵੇ। ਕੋਈ ਕਹਿੰਦਾ ਹੈ ਕਿ ਰਾਜਨੀਤਕ ਲੋਕ, ਸਮਗਲਰਾਂ ਨੂੰ ਸ਼ਹਿ ਨਾ ਦੇਣ ਤਾਂ ਮਸਲਾ ਹੱਲ ਹੋਣ ਵਿਚ ਦੇਰ ਹੀ ਨਾ ਲੱਗੇ। ਦੇਖੋ, ਬਾਰਡਰਾਂ ਦੀ ਜੰਗ ਵਿੱਚ ਵੀ ਜਸੂਸੀ ਹੁੰਦੀ ਹੈ, ਗੱਦਾਰ ਲੋਕ ਹੁੰਦੇ ਹਨ। ਪਰ ਜੇਕਰ ਸਾਰਾ ਲਾਹਣਾ ਹੀ ਮਾੜਾ ਹੋ ਜਾਵੇ ਤਾਂ ਕੀ ਉਪਾਅ ਹੈ? ਅਸੀਂ ਸਿੱਧੇ ਅਸਿੱਧੇ ਇਸ ਜੰਗ ਵਿਚ ਖੁਦ ਹੀ ਆਪਣੇ ਘਰ ਨੂੰ ਬਰਬਾਦ ਕਰ ਰਹੇ ਹਾਂ। ਜਿੰਨਾਂ ਨੇ ਸੁਚੇਤ ਹੋ ਕੇ ਅਗਵਾਈ ਕਰਨੀ ਹੈ, ਉਹ ਖੁਦ ਇਸ ਦਾ ਹਿੱਸਾ ਨੇ। ਹੈ ਨਾ ਕਿੰਨੀ ਅਜੀਬ ਗੱਲ। ਸਾਮਰਾਜੀ ਵਰਤਾਰੇ ਦਾ ਇਹੀ ਤਾਂ ਮੁੱਖ ਲੱਛਣ ਹੈ ਕਿ ਜੋ ਕੰਮ ਉਸ ਨੇ ਕਰਨਾ ਹੁੰਦਾ ਹੈ, ਉਹ ਉਨ੍ਹਾਂ ਲੋਕਾਂ ਕੋਲੋਂ ਇਸ ਸਹਿਜਤਾ ਨਾਲ ਕਰਵਾ ਲੈਂਦਾ ਹੈ ਕਿ ਉਨ੍ਹਾਂ ਨੂੰ ਇਹ ਕਰਦੇ ਹੋਏ ਕੁਝ ਮਾੜਾ ਨਹੀਂ ਜਾਪਦਾ।

ਮੈਂ ਸੁਝਾਅ ਦਿੱਤਾ ਕਿ ਨਸ਼ੇ ਸ਼ੁਰੂ ਕਰਨ ਦੀ ਉਮਰ 13-14 ਸਾਲ ਹੈ। ਲਗਭਗ ਛੇਵੀਂ ਕਲਾਸ। ਇਹ ਚਾਹੇ ਤੰਬਾਕੂ, ਜਰਦੇ ਤੋਂ ਸ਼ੁਰੂ ਹੁੰਦਾ ਹੈ, ਚਾਹੇ ਬੀੜੀ-ਸਿਗਰੇਟ ਤੋਂ ਜਾਂ ਡੋਡੋ ਆਦਿ ਤੋਂ। ਵਿਗਿਆਨਕ ਸਰਵੇਖਣ ਮੁਤਾਬਕ, ਉਮਰ ਇਹ ਹੈ। ਮੇਰਾ ਮਤ ਹੈ ਕਿ ਸਾਨੂੰ ਨਸ਼ੇ ਕਰਨ ਦੇ ਸ਼ੁਰੂਆਤੀ ਪੜਾਅ ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਮੈਂ ਇਹ ਵਿਚਾਰ ਪੇਸ਼ ਕੀਤਾ ਕਿ ਅੰਮ੍ਰਿਤਸਰ ਜਿਲੇ ਦੇ ਸਾਰੇ ਸਕੂਲਾਂ ਤੋਂ ਇਕ-ਦੋ ਅਧਿਆਪਕ ਬੁਲਾ ਕੇ, ਉਨ੍ਹਾਂ ਨੂੰ ਵੱਖ ਵੱਖ ਨਸ਼ਿਆਂ ਬਾਰੇ, ਉਨ੍ਹਾਂ ਨਸ਼ਿਆਂ ਦੇ ਇਸਤੇਮਾਲ ਕਰਨ ਦੇ ਕਾਰਨਾਂ ਬਾਰੇ, ਸਕੂਲ ਅਤੇ ਅਧਿਆਪਕ ਦੀ ਭੂਮਿਕਾ ਬਾਰੇ ਗੱਲ ਕੀਤੀ ਜਾਵੇ, ਤਾਂ ਜੋ ਉਹ ਵਿਦਿਆਰਥੀਆਂ ਨੂੰ ਅਤੇ ਮਾਪੇ-ਅਧਿਆਪਕ ਮੀਟਿੰਗ ਦੌਰਾਨ ਮਾਪਿਆਂ ਨੂੰ ਇਨ੍ਹਾਂ ਬਾਰੇ ਸੁਚੇਤ ਕਰ ਸਕਣ।

ਪ੍ਰੋਜੈਕਟ ਨੂੰ ਜਿਲਾ ਡਿਪਟੀ ਕਮੀਸ਼ਨਰ ਸ. ਕਾਹਨ ਸਿੰਘ ਪੰਨੂੰ ਦੀ ਪ੍ਰਵਾਨਗੀ ਮਿਲੀ ਤਾਂ ਇਸ ਦਾ ਦੋ ਰੋਜਾ ਖਾਕਾ ਉਲੀਕਿਆ ਗਿਆ। ਨਸ਼ਿਆਂ ਦੀ ਸਮੱਸਿਆ ਦੀ ਗੰਭੀਰਤਾ, ਨਸ਼ਿਆਂ ਦਾ ਪਿਛੋਕੜ, ਵੱਖ ਵੱਖ ਨਸ਼ੇ-ਉਨ੍ਹਾਂ ਦੇ ਪ੍ਰਭਾਵ, ਨਸ਼ੇ ਸ਼ੁਰੂ ਕਰਨ ਦੇ ਕਾਰਨ, ਸਕੂਲ ਹੀ ਕਿਉਂ? ਨਸ਼ਿਆਂ ਤੋਂ ਛੁਟਕਾਰਾ, ਨਸ਼ੇ ਛੁੜਾਉਣ ਵਿੱਚ ਸਕੂਲ ਵਾਤਾਵਰਨ ਅਤੇ ਅਧਿਆਪਕਾਂ ਦੀ ਭੂਮਿਕਾ ਬਾਰੇ ਵੱਖ ਵੱਖ ਮਾਹਿਰਾਂ ਤੋਂ ਗੱਲ ਕਰਵਾਈ ਜਾਵੇ। ਸਾਡੇ ਕੋਲ ਭਾਵੇਂ ਆਪਣੀ ਨਸ਼ਾ ਜਾਗਰੂਕਤਾ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ‘ਏ.ਡੀ.ਸੀ.’ ਅਤੇ ਹੋਰ ਮੈਂਬਰ ਵੀ ਸਨ ਜਿਵੇਂ ਸਰਵ ਸ਼੍ਰੀ ਰਣਧੀਰ ਸਿੰਘ ਠਾਕੁਰ, ਪ੍ਰਿ. ਵਾਈ.ਪੀ. ਗੁਪਤਾ, ਪੁਰਸ਼ੋਤਮ ਲਾਲ, ਅੰਮ੍ਰਿਤ ਲਾਲ ਮੰਨਨ, ਬੱਬਰ, ਸੁਰਜੀਤ ਸ਼ਰਮਾ, ਸਿਵਲ ਸਰਜਨ ਅੰਮ੍ਰਿਤਸਰ, ਜਿਲਾ ਸਿੱਖਿਆ ਦਫਤਰ ਤੋਂ ਗਿਰੀਸ਼ ਵਰਮਾ। ਪਰ ਇਨ੍ਹਾਂ ਤੋਂ ਇਲਾਵਾ ਮਨੋਰੋਗ ਵਿਭਾਗ ਅਤੇ ਕਮੀਊਨਿਟੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਮਾਨਸਿਕ ਸਿਹਤ ਇੰਸਟੀਚਿਊਟ ਤੋਂ ਮਾਹਿਰਾਂ ਦੀਆਂ ਸੇਵਾਵਾਂ ਲੈਣ ਬਾਰੇ ਵੀ ਸੋਚਿਆ ਗਿਆ। ਇਸ ਤੋਂ ਇਲਾਵਾ ਨਾਰਕੋਟਿਕ ਸੈੱਲ ਤੋਂ ਅਤੇ ਐੱਸ. ਐੱਸ. ਪੀ. (ਸ਼ਹਿਰੀ ਅਤੇ ਦੇਹਾਤੀ) ਨੂੰ ਵੀ ਆਪਣੇ ਤਜਰਬੇ ਸਾਂਝੇ ਕਰਨ ਲਈ ਬੁਲਾਉਣ ਬਾਰੇ ਤਜਵੀਜ਼ ਰੱਖੀ ਗਈ।


ਬੱਚੇ ਕਦੇ ਤੰਗ ਨਹੀਂ ਕਰਦੇ/16