ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਸ਼ਿਆਂ ਦੀ ਸ਼ੁਰੂਆਤ ਮਨੁੱਖੀ ਹੋਂਦ ਤੋਂ ਹੀ ਹੈ। ਮਨੁੱਖ ਦੇ ਸਮਾਜਿਕ ਪ੍ਰਾਣੀ ਦੇ ਤੌਰ 'ਤੇ ਵਿਚਰਨ ਤੋਂ ਹੀ ਹੈ। ਮਨੁੱਖ ਨੇ ਜਦੋਂ ਤੋਂ ਕੁਦਰਤ ਨੂੰ ਨੀਝ ਨਾਲ ਦੇਖਣਾ ਸਿੱਖਿਆ, ਕੁਦਰਤੀ ਵਰਤਾਰਿਆਂ ਨੂੰ ਜਾਨਣ-ਸਮਝਣ ਦਾ ਅਮਲ ਸ਼ੁਰੂ ਹੋਇਆ, ਮਨੁੱਖ ਨੇ ਤਜਰਬੇ ਕੀਤੇ (ਤੀਰ-ਤੁਕੇ ਲਾ ਕੇ ਸਿੱਟਿਆਂ ਤੇ ਪਹੁੰਚਿਆ) ਤਾਂ ਨਸ਼ੇ ਵੀ ਉਸੇ ਅਮਲ ਦਾ ਹਿੱਸਾ ਬਣੇ। ਆਯੁਰਵੇਦ ਦੇ ਗ੍ਰੰਥਾਂ ਵਿਚ ਸੋਮਰਸ ਦਾ ਜਿਕਰ ਹੈ। ਅਲਕੋਹਲ (ਸ਼ਰਾਬ) ਦਵਾ ਪ੍ਰਣਾਲੀ ਦਾ ਹਿੱਸਾ ਰਹੀ ਹੈ। ਅਫੀਮ ਦੇ ਹੋਰ ਮੈਡੀਕਲ ਫਾਏਦਿਆਂ ਵਿਚੋਂ ਇਕ ਵਿਸ਼ੇਸ਼ ਗੁਣ ਹੈ ਕਿ ਇਹ ਸਭ ਤੋਂ ਤਾਕਤਵਰ ਦਰਦ ਨਿਵਾਰਕ ਦਵਾ ਹੈ। ਨਸ਼ਿਆਂ ਦਾ ਪਿਛੋਕੜ ਦੇਖੀਏ ਤਾਂ ਦਵਾਈਆਂ ਹੀ ਕਿਸੇ ਨਾ ਕਿਸੇ ਮੁਕਾਮ ਤੇ ਆ ਕੇ, ਦੁਰਵਰਤੋਂ ਦਾ ਸ਼ਿਕਾਰ ਹੋ ਕੇ, ਨਸ਼ੇ ਵਿਚ ਤਬਦੀਲ ਹੋਈਆਂ ਹਨ। ਨਸ਼ਈ, ਅਮਲੀ, ਸ਼ਰਾਬੀ ਸਮਾਜਿਕ ਵਰਗ ਦਾ ਅੰਗ ਰਹੇ ਹਨ। ਸਾਹਿਤ ਵਿਚ ਉਨ੍ਹਾਂ ਕਿਰਦਾਰਾਂ ਦਾ ਜ਼ਿਕਰ ਮਿਲਦਾ ਹੈ। ਪਰ ਅੱਜ ਇਹ ਲੋੜ ਕਿਉਂ ਮਹਿਸੂਸ ਹੋ ਰਹੀ ਹੈ ਕਿ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਏ ਜਾਣ, ਕਾਰਜਸ਼ਾਲਾਵਾਂ ਲਗਾਈਆਂ ਜਾਣ, ਸੁਚੇਤ ਪੱਧਰ ਤੇ ਅਜਿਹਾ ਕਰਨ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ, ਆਖਿਰ ਕਿਉਂ? ਮੈਂ ਇਸ ਨਾਲ ਸਬੰਧਿਤ ਦੋ ਤਿੰਨ ਪਹਿਲੂ ਜ਼ਰੂਰ ਉਜਾਗਰ ਕਰਨਾ ਚਾਹੁੰਦਾ।

ਸਭ ਤੋਂ ਪਹਿਲੀ ਗੱਲ, ਜਿਸ ਤਰ੍ਹਾਂ ਮੈਂ ਜਿਕਰ ਕਰ ਰਿਹਾ ਸੀ ਕਿ ਅੱਜ ਤੋਂ ਪਹਿਲਾਂ ਵਰਤੇ ਜਾਂਦੇ ਨਸ਼ੇ ਕਿਸੇ ਨਾ ਕਿਸੇ ਤਰ੍ਹਾਂ ਦਵਾਈ ਦਾ ਹਿੱਸਾ ਰਹੇ ਹਨ। ਉਨ੍ਹਾਂ ਦੇ ਨਸ਼ੇ ਦਾ ਰੂਪ ਧਾਰਨ ਕਰਨ ਦੇ ਨਾਲ ਉਨ੍ਹਾਂ ਵਿਚ ਕੁਝ ਚੰਗਿਆਈ ਦੇ ਤੱਤ ਵੀ ਰਹੇ ਹਨ। ਪਰ ਅੱਜ ਜੋ ਨਸ਼ੇ ਸਮਾਜ ਵਿਚ ਪ੍ਰਚਲਿਤ ਹੋ ਰਹੇ ਹਨ, ਸਮੈਕ, ਟੀਕੇ, ਕੈਪਸੂਲ, ਕਲੱਬ ਡਰਗਜ਼ ਆਦਿ ਉਹ ਸਿਰਫ ਤੇ ਸਿਰਫ ਨਸ਼ੇ ਹੀ ਹਨ।ਉਨ੍ਹਾਂ ਦਾ ਕੋਈ ਦਵਾਈ ਵਾਲਾ ਪਿਛੋਕੜ ਨਹੀਂ ਹੈ। ਉਹ ਸਿਰਫ ਨਸ਼ਿਆਂ ਦੇ ਲਈ ਹੀ ਬਣਾਏ ਗਏ ਹਨ।ਉਨ੍ਹਾਂ ਦਾ ਕੰਮ ਲੋਕਾਂ ਵਿੱਚ ਨਸ਼ੇ ਦੇ ਰੂਪ ਵਿਚ ਹੀ ਵਿਕਨਾ ਹੈ। ਬਸ।

ਦੂਸਰੀ ਗੱਲ ਇਹ ਹੈ ਕਿ ਪਹਿਲਾਂ ਜੋ ਨਸ਼ੇ ਹੁੰਦੇ ਸਨ ਜਾਂ ਹਨ ਵੀ, ਭਾਵੇਂ ਸ਼ਰਾਬ, ਅਫੀਮ, ਭੰਗ ਆਦਿ ਇਨ੍ਹਾਂ ਦੀ ਲੱਤ ਲਗਣ ਲਈ ਇਕ ਸਮਾਂ ਲਗਦਾ ਸੀ। ਪਹਿਲਾਂ ਕੋਈ ਇਨ੍ਹਾਂ ਨਸ਼ਿਆਂ ਨੂੰ ਤਜੁਰਬੇ ਜਾਂ ਸੌਂਕ ਲਈ ਇਸਤੇਮਾਲ ਕਰਦਾ ਸੀ, ਫਿਰ ਉਸ ਦੀ ਮਿਕਦਾਰ ਵਧਦੀ ਸੀ ਤੇ ਫਿਰ ਕੁਝ ਸਾਲਾਂ ਮਗਰੋਂ ਉਹ ਨਸ਼ਈ ਹੁੰਦਾ ਸੀ। ਅਜੋਕੇ ਨਸ਼ੇ ਅਜਿਹੇ ਨਸ਼ੇ ਹਨ ਜੋਕਿ ਇਕ ਵਾਰ ਇਸਤੇਮਾਲ ਕਰਨ ਨਾਲ ਹੀ ਵਿਅਕਤੀ ਇਨ੍ਹਾਂ ਦੀ ਮੁੜ ਤੋਂ ਮੰਗ ਸ਼ੁਰੂ ਕਰ ਦਿੰਦਾ ਹੈ। ਪਹਿਲੀ ਪੁੜੀ ਜਾਂ ਪਹਿਲਾ ਟੀਕਾ ਹੀ ਵਿਅਕਤੀ ਨੂੰ ਆਪਣੀ ਗਿਰਫ਼ਤ ਵਿਚ ਲੈ ਲੈਂਦਾ ਹੈ। ਇਸ ਲਈ ਇਨ੍ਹਾਂ ਨਸ਼ਿਆਂ ਪ੍ਰਤੀ ਇਹ ਗੰਭੀਰਤਾ ਵਾਲੀ ਗੱਲ ਕਿ ਜੇ ਕੋਈ ਸਿਰਫ ਤਜੁਰਬੇ ਲਈ ਵੀ, ਇਨ੍ਹਾਂ ਦਾ ਇਸਤੇਮਾਲ ਕਰੇ ਤਾਂ ਉਹ ਇਸ ਦਾ ਆਦੀ ਹੋ ਜਾਂਦਾ ਹੈ।

ਤੀਸਰਾ ਅਹਿਮ ਪਹਿਲੂ ਹੈ ਕਿ ਇਹ ਨਸ਼ੇ ਕਿਸ਼ੋਰ ਨੌਜਵਾਨਾਂ ਦੇ ਵਰਗ ਲਈ ਵਿਸ਼ੇਸ਼ ਤਿਆਰ ਹੋਏ ਹਨ। ਇਹ ਨਸ਼ੇ ਮਹਿੰਗੇ ਹਨ। ਸਮੈਕ ਦੀ ਇਕ ਵਾਰੀ ਇਕ ਖੁਰਾਕ ਤਕਰੀਬਨ ਚਾਰ-ਪੰਜ ਸੌ ਰੁਪਏ ਵਿਚ ਪੈਂਦੀ ਹੈ। ਇਹ ਤਕਰੀਬਨ 18-19 ਸਾਲ ਦੀ ਉਮਰ ਵਿੱਚ, ਜਦੋਂ ਬੱਚੇ ਕਾਲਜ, ਯੂਨੀਵਰਸਿਟੀ ਵਿੱਚ ਜਾਂਦੇ ਹਨ, ਸ਼ੁਰੂ ਹੁੰਦੀ ਹੈ। ਇੱਕ ਪਾਸੇ ਉਹ ਆਪਣੇ ਆਪ ਨੂੰ ਆਜ਼ਾਦ ਸਮਝਦੇ ਹਨ, ਦੂਸਰੇ ਪਾਸੇ ਸਮਾਜਿਕ ਵਰਤਾਰਿਆਂ ਤੋਂ ਜਾਣੂ ਹੋ ਕੇ, ਆਪਣੇ ਆਪ ਨੂੰ ਬੇਚੈਨ, ਪਰੇਸ਼ਾਨ ਸਮਝਦੇ ਹਨ। ਇਸ ਤਰ੍ਹਾਂ ਦੇ ਮਾਹੌਲ ਦੇ ਰੂਬਰੂ ਹੋ ਕੇ ਉਹ ਨਸ਼ਿਆਂ ਦੀ ਗਿਰਫਤ ਵਿਚ ਆ

ਜਾਂਦੇ ਹਨ। ਪਹਿਲਾਂ ਇਹ ਮਹਿਸੂਸ ਹੁੰਦਾ ਸੀ ਕਿ ਇਹ ਏਨੀ ਮਹਿੰਗੀ ਚੀਜ ਹੈ, ਇਸ ਲਈ ਅਮੀਰ


ਬੱਚੇ ਕਦੇ ਤੰਗ ਨਹੀਂ ਕਰਦੇ/ 19