ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁਲਾਰੇ ਨੇ ਕਿਹਾ ਕਿ ਬੱਚੇ ਟਿਊਸ਼ਨਾਂ ਤੇ ਜਾਂਦੇ ਨੇ, ਜਾਂਦੇ ਵੀ ਨੇ ਕਿ ਨਹੀਂ, ਪਤਾ ਨਹੀਂ। ਖੁੱਲ੍ਹ ਪੂਰੀ ਹੈ ਪਰ ਨਿਗਰਾਨੀ ਨਹੀਂ ਹੈ। ਗੱਲ ਟੀ.ਵੀ. ਦੀ ਤਾਂ ਹੋਈ ਹੈ, ਮੋਬਾਇਲ ਦੀ ਭੂਮਿਕਾ ਕਿਤੇ ਵੱਧ ਹੈ, ਸੈਕਸ ਪ੍ਰਤੀ ਭੜਕਾਉ ਭੂਮਿਕਾ ਵਿੱਚ ਅਤੇ ਇੰਟਰਨੈੱਟ, ਸਾਇਬਰ ਕੈਫੇ ਦੀ ਤਾਂ ਗੱਲ ਹੀ ਛੱਡੋ। ਜਿਰੇ ਲਾ ਦਿੱਤੀ ਹੈ ਸਾਰੀ ਗੱਲ। ਨਸ਼ੇ ਦਾ ਫਿਰ ਸੈਕਸ ਨਾਲ ਸਬੰਧ ਹੈ ਹੀ।

ਲਖਵਿੰਦਰ ਸਿੰਘ ਨੇ ਕੁਝ ਵੱਖਰੇ ਪਰਿਵਾਰਕ ਸਮਾਜਿਕ ਮਾਹੌਲ ਬਾਰੇ ਗੱਲ ਕੀਤੀ ਜਿੱਥੇ ਪਰਿਵਾਰ ਵਿਚ ਨਸ਼ੇ ਆਮ ਹਨ।ਉਸ ਗਰੁੱਪ ਨੇ ਸਿੱਟਾ ਕੱਢਿਆ ਕਿ ਸਾਂਝੇ-ਪਰਿਵਾਰਾਂ ਦੀ ਭੱਜ, ਗਰੀਬੀ-ਕੰਮ ਦੀ ਥਕਾਵਟ ਅਤੇ ਫਿਰ ਨਸ਼ਾ।ਅਨਪੜ੍ਹਤਾ ਅਤੇ ਨਸ਼ੇ ਦੀ ਲੋਰੀ, ਅੰਧਵਿਸ਼ਵਾਸ ਕਾਰਨ ਡੇਰਿਆਂ ਦਾ ਪ੍ਰਭਾਵ ਅਤੇ ਡੇਰਿਆਂ 'ਤੇ ਵਰਤਾਇਆ ਜਾਂਦਾ ਸੁਖਧਾਮ (ਭੰਗ)। ਇਸ ਮਾਹੌਲ ਵਿੱਚ ਜੇ ਬੱਚੇ ਪਲਣਗੇ ਤਾਂ ਨਿਸ਼ਚਿਤ ਹੀ ਉਹ ਨਸ਼ੇ ਦਾ ਸ਼ਿਕਾਰ ਹੋਣਗੇ ਹੀ।

ਅਧਿਆਪਕ ਬਲਦੇਵ ਸਿੰਘ ਨੇ ਕਿਹਾ ਕਿ ਜਿਸ ਵਿਸ਼ੇ ਤੇ ਅੱਜ ਗੱਲ ਹੋ ਰਹੀ ਹੈ ਇਹ ਲੋੜ ਬਹੁਤ ਪਹਿਲਾਂ ਸੀ। ਇਸ ਦੀ ਗੰਭੀਰਤਾ ਨੂੰ ਲੈ ਕੇ ਬਹੁਤ ਚਿਰ ਤੋਂ ਗੱਲਾਂ ਹੋ ਰਹੀਆਂ ਹਨ। ਇਹ ਬਾਰਡਰ ਏਰੀਆ ਹੈ, ਇੱਥੇ ਸਮੱਸਿਆ ਕੁਝ ਵੱਧ ਹੈ। ਕੋਈ ਵੀ ਆਦਤ ਬੱਚਿਆਂ ਵਿੱਚ ਮਾਂ ਪਿਉ ਤੋਂ ਆਉਂਦੀ ਹੈ। ਜੇਕਰ ਬੱਚੇ ਬਾਰੇ ਗੱਲ ਕਰਨੀ ਹੋਵੇ, ਮਾਂ ਪਿਉ ਨੂੰ ਬੁਲਾਉ ਤਾਂ ਆਉਂਦੇ ਹੀ ਨਹੀਂ। ਮਾਵਾਂ ਦੀ ਪ੍ਰਵਿਰਤੀ ਲੁਕੋ ਦੀ ਹੈ।ਉਨ੍ਹਾਂ ਨੂੰ ਪਤਾ ਵੀ ਹੋਵੇ, ਉਹ ਜਾਹਿਰ ਨਹੀਂ ਹੋਣ ਦੇਂਦੀਆਂ।

'ਸਾਥੀਓ! ਇੱਥੇ ਇੱਕ ਗੱਲ ਕਰਨੀ ਚਾਹੁਣਾ। ਅਧਿਆਪਕ ਬਲਦੇਵ ਸਿੰਘ ਨੇ ਆਪਣੀ ਗੱਲ ਰਖਦੇ ਹੋਏ ਕਿਹਾ ਕਿ ਇਸ ਪਹਿਲ ਦੀ ਲੋੜ ਬਹੁਤ ਪਹਿਲਾਂ ਸੀ। ਮੈਂ ਨਿਮਰਤਾ ਸਹਿਤ ਇਹ ਗੱਲ ਕਹਿਣਾ ਚਾਹੁਣਾ ਕਿ ਜੇਕਰ ਅਸੀਂ ਸੂਝਵਾਨ ਨਾਗਰਿਕ ਹੋਣ ਦੇ ਨਾਤੇ ਇਹ ਸਮਝਦੇ ਹਾਂ ਕਿ ਸਮਾਜ ਵਿਚ ਇੱਕ ਬੁਰਾਈ ਪਨਪ ਰਹੀ ਹੈ ਤਾਂ ਅਸੀਂ ਇਸ ਪਹਿਲ ਕਦਮੀ ਦੀ ਉਡੀਕ ਕਿਉਂ ਕਰਦੇ ਹਾਂ? ਕੀ ਬੱਚਿਆਂ ਵਿੱਚ ਜਾਗਰੂਕਤਾ ਦਾ ਕੰਮ ਜਾਂ ਹੋਰ ਆਪਣੇ ਆਲੇ-ਦੁਆਲੇ ਇਸ ਬਾਰੇ ਖੁਦ ਆਪ ਕਿਉਂ ਪਹਿਲ ਨਹੀਂ ਕਰਦੇ। ਇਸ ਵਾਰ ਸਾਡੇ ਮੈਂਬਰ ਅੰਮ੍ਰਿਤ ਲਾਲ ਮੰਨਨ ਨੇ ਟਿੱਪਣੀ ਕੀਤੀ।

ਨਿਰਵੈਰ ਸਿੰਘ ਨੇ ਆਪਣੇ ਗਰੁੱਪ ਦੀ ਗੱਲ ਪੇਸ਼ ਕਰਦਿਆਂ ਇੱਕ ਨਵੀਂ ਗੱਲ ਜੋੜਦੇ ਹੋਏ ਕਿਹਾ ਕਿ ਦਰਅਸਲ ਸਮਾਜ ਵਿਚ ਨਾਇਕਾਂ ਦੀ ਵੀ ਘਾਟ ਹੈ। ਬੱਚਿਆਂ ਕੋਲ ਕੁਝ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਨਾਇਕ ਨਹੀਂ ਹਨ, ਜਿਨ੍ਹਾਂ ਨੂੰ ਉਹ ਆਪਣੇ ਜ਼ਿੰਦਗੀ ਵਿੱਚ ਅਪਣਾ ਸਕਣ, ਉਨ੍ਹਾਂ ਦੇ ਨਕਸ਼ੇ-ਕਦਮ 'ਤੇ ਚਲ ਸਕਣ।

ਪਿਆਰੇ ਅਧਿਆਪਕੋ! ਇਸ ਸਾਰੀ ਚਰਚਾ ਨੂੰ ਸਮੇਟਦੇ ਹੋਏ, ਇਹ ਗੱਲ ਕਹਾਂਗਾ ਕਿ ਭਾਵੇਂ ਅਸੀਂ ਆਪਣੇ ਵਿਸ਼ੇ ਨੂੰ ਬੱਚਿਆਂ ਉੱਪਰ ਕੇਂਦ੍ਰਿਤ ਕਰਕੇ ਚਰਚਾ ਆਰੰਭੀ ਸੀ, ਪਰ ਅਸੀਂ ਇਸ ਦੇ ਹੋਰ ਵਿਸਤ੍ਰਿਤ ਪਹਿਲੂਆਂ ਨੂੰ ਛੁਹਣ ਤੋਂ ਰਹਿ ਨਹੀਂ ਸਕੇ। ਦਰਅਸਲ ਸਮਾਜ ਵਿਚ ਕੋਈ ਵੀ ਪਹਿਲੂ ਨਵੇਕਲਾ ਹੁੰਦਾ ਹੀ ਨਹੀਂ। ਨਸ਼ੇ ਦੀ ਮੌਜੂਦਗੀ, ਉਨ੍ਹਾਂ ਦਾ ਸ਼ਰੇਆਮ ਮਿਲਣਾ ਅਤੇ ਫਿਰ ਉਨ੍ਹਾਂ ਦਾ ਇਸਤੇਮਾਲ। ਇਸ ਤੋਂ ਇਲਾਵਾ ਪਰਿਵਾਰਕ ਮਾਹੌਲ ਅਤੇ ਉਸ ਨਾਲ ਜੁੜੇ ਅਨੇਕਾਂ ਹੀ ਪਹਿਲੂ ਅਤੇ ਉਨ੍ਹਾਂ ਦੀ ਗਿਰਫਤ ਵਿਚ ਆ ਰਿਹਾ ਸਾਡਾ ਨੌਜਵਾਨ। ਸਾਡੀ ਇਸ ਚਰਚਾ ਨੇ ਅਜਿਹੇ ਕਈ ਪਹਿਲੂ ਉਜਾਗਰ ਕੀਤੇ ਹਨ ਜੋ ਸ਼ਾਇਦ ਕਿਸੇ ਵੀ ਪੁਸਤਕ ਵਿੱਚ ਅਜੇ ਤੱਕ ਸ਼ਾਮਿਲ ਨਹੀਂ ਕੀਤੇ ਗਏ ਹੋਣੇ। ਮੈਂ ਸਮਝਦਾਂ ਕਿ ਅਸੀਂ ਸਾਰੇ ਹੀ ਇਸ ਚਰਚਾ ਰਾਹੀਂ ਪਹਿਲਾਂ ਤੋਂ ਵੱਧ ਸੂਝਵਾਨ ਹੋਏ ਹਾਂ।


ਬੱਚੇ ਕਦੇ ਤੰਗ ਨਹੀਂ ਕਰਦੇ/ 25