ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜ ਦੀ ਕਾਰਜਸ਼ਾਲਾ ਵਿੱਚ ਅਸੀਂ ਸਮੱਸਿਆ ਨੂੰ ਪਛਾਣਿਆ ਹੈ। ਇਹ ਕਿਹਾ ਜਾਂਦਾ ਹੈ ਕਿ ਸਮੱਸਿਆ ਨੂੰ ਪਛਾਨਣਾ ਆਪਣੇ ਆਪ ਵਿਚ ਅੱਧਾ ਹੱਲ ਹੁੰਦਾ ਹੈ। ਦਰਅਸਲ ਸਮੱਸਿਆ ਨੂੰ ਪਛਾਨਣ ਨਾਲ, ਉਸ ਦੇ ਹੱਲ ਦੀ ਸ਼ੁਰੂਆਤ ਹੋ ਜਾਂਦੀ ਹੈ। ਪਰ ਜੇਕਰ ਸਮੱਸਿਆ ਨੂੰ ਪਛਾਣ ਕੇ, ਅਸੀਂ ਫਿਰ ਵੀ ਹਰਕਤ ਵਿਚ ਨਹੀਂ ਆਉਂਦੇ, ਤਾਂ ਫਿਰ ਅਸੀਂ ਉਸ ਸਮੱਸਿਆ ਦੀ ਪਛਾਣ ਨਾਲ ਨਾਇਨਸਾਫੀ ਕਰ ਰਹੇ ਹੋਵਾਂਗੇ। ਆਪਣੇ ਉਸ ਕੀਤੇ ਉੱਦਮ ਨੂੰ ਵੀ ਮਿੱਟੀ ਵਿਚ ਮਿਲਾ ਦਿਆਂਗੇ। ਅਸੀਂ ਆਪਣੀ ਕਾਰਜਸ਼ਾਲਾ ਦਾ ਕੱਲ੍ਹ ਵਾਲਾ ਦਿਨ, ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ, ਕੁਝ ਕਾਰਜਸ਼ੀਲ ਹੱਲ ਵੱਲ ਲਗਾਵਾਂਗੇ।

ਦੂਸਰਾ ਦਿਨ:

ਦੂਸਰੇ ਦਿਨ ਦੀ ਸ਼ੁਰੂਆਤ, ਮਨੁੱਖੀ ਮਨ ਦੇ ਵਿਕਾਸ ਨੂੰ ਲੈ ਕੇ, ਵਿਸ਼ੇਸ਼ ਤੌਰ ਤੇ ਕਿਸ਼ੋਰ ਉਮਰ ਦੇ ਪੜਾਆਂ ਦੇ ਕੇਂਦ੍ਰਿਤ ਕਰਦੇ ਹੋਏ, ਚਰਚਾ ਨਾਲ ਹੋਈ।

ਨਸ਼ਿਆਂ ਵੱਲ ਬੱਚਿਆਂ ਦੇ ਰੁਝਾਨ ਦੀ ਗਾਥਾ:

ਬੱਚਿਆਂ ਦੇ ਮਨੋਵਿਗਿਆਨਕ ਵਿਕਾਸ ਦੇ ਪਹਿਲੂ

ਨਸ਼ਿਆਂ ਨੂੰ ਇਕ ਬੀਮਾਰੀ ਕਹੀਏ, ਇਕ ਸਮੱਸਿਆ ਕਹੀਏ ਜਾਂ ਕਿਸੇ ਸਮੱਸਿਆ ਦਾ ਪ੍ਰਛਾਵਾਂ ਜਾਂ ਪ੍ਰਗਟਾਵਾ।ਇਸ ਵਰਤਾਰੇ ਦਾ ਵਿਗਿਆਨਕ ਪਿਛੋਕੜ ਸਮਝੇ ਬਗੈਰ ਇਸ ਦਾ ਹੱਲ ਸੰਭਵ ਨਹੀਂ। ਅਸੀਂ ਆਪਣੀ ਕਾਰਜਸ਼ਾਲਾ ਦਾ ਪਹਿਲਾ ਦਿਨ ਸਮੱਸਿਆ ਪਛਾਨਣ ਤੇ ਲਗਾਇਆ ਹੈ। ਸਾਰਿਆਂ ਨੇ ਮਿਲ ਕੇ ਕਈ ਤਰ੍ਹਾਂ ਦੇ ਪਹਿਲੂਆਂ, ਅਨੇਕਾਂ ਹੀ ਵਰਤਾਰਿਆਂ ਦੀ ਨਿਸ਼ਾਨਦੇਹੀ ਕੀਤੀ ਹੈ। ਅੱਜ ਅਸੀਂ ਉਨ੍ਹਾਂ ਪਹਿਲੂਆਂ ਦੇ ਮੱਦੇਨਜ਼ਰ ਕੁਝ ਅਜਿਹੇ ਕਾਰਜ ਉਲੀਕਣ ਦੀ ਕੋਸ਼ਿਸ਼ ਕਰਾਂਗੇ ਕਿ ਨਸ਼ਿਆਂ ਦੀ ਇਸ ਗਿਰਫਤ ਨੂੰ ਘੱਟ ਕੀਤਾ ਜਾ ਸਕੇ। ਜਿਸ ਤਰ੍ਹਾਂ ਸਾਡਾ ਨਿਸ਼ਾਨਾ ਕਿਸ਼ੋਰ ਵਰਗ ਹੈ, ਸਾਡੇ ਬੱਚੇ ਅਤੇ ਸਾਡੀ ਕਾਰਜਵਿਧੀ ਦਾ ਖੇਤਰ ਸਕੂਲ ਹੈ, ਅਸੀਂ ਇਨ੍ਹਾਂ ਦੋਹਾਂ ਪੱਖਾਂ 'ਤੇ ਆਪਣੇ ਆਪ ਨੂੰ ਕੇਂਦ੍ਰਿਤ ਕਰਾਂਗੇ।

ਵਿਗਿਆਨਕ ਨਜ਼ਰੀਏ ਤੋਂ ਹਰ ਇਕ ਬੀਮਾਰੀ ਦੀ ਇਕ ਕੁਦਰਤੀ ਗਾਥਾ ਹੁੰਦੀ ਹੈ। ਬੀਮਾਰੀ ਜਾਂ ਸਮੱਸਿਆ ਲਈ ਤਿੰਨ ਪਹਿਲੂਆਂ ਦਾ ਆਪਸੀ ਮੇਲ ਜਾਂ ਕਹੀਏ ਸੁਮੇਲ ਬੀਮਾਰੀ ਦੀ ਸ਼ੁਰੂਆਤ ਲਈ ਜਰੂਰੀ ਹੈ। ਉਹ ਤਿੰਨ ਪਹਿਲੂ ਹਨ; ਮਨੁੱਖ-ਜਿਸ ਨੇ ਸਮੱਸਿਆ ਦਾ ਸ਼ਿਕਾਰ ਹੋਣਾ ਹੈ, ਸਮੱਸਿਆ ਦਾ ਏਜੰਟ, ਜਿਸ ਰਾਹੀਂ ਸਮੱਸਿਆ ਨੇ ਪਨਪਨਾ ਹੈ, ਵਧਣਾ ਹੈ ਅਤੇ ਇਕ ਮਾਹੌਲ ਜਿਸ ਨੇ ਉਹ ਪਰਿਸਥਿਤੀ ਪੈਦਾ ਕਰਨੀ ਹੈ, ਜਿਸ ਵਿਚ ਮਨੁੱਖ ਨੇ ਏਜੰਟ ਦੀ ਮੌਜੂਦਗੀ ਵਿੱਚ ਸਮੱਸਿਆ ਦਾ ਸ਼ਿਕਾਰ ਹੋਣਾ ਹੈ।ਆਪਾਂ ਇੱਕ ਆਮ ਬੀਮਾਰੀ, ਜਿਸ ਤੋਂ ਸਾਰੇ ਜਾਣੂੰ ਹਨ, ਟੀ.ਬੀ. ਦੀ ਬੀਮਾਰੀ ਦੇ ਉਦਾਹਰਨ ਤੋਂ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਟੀ.ਬੀ. ਦੀ ਬੀਮਾਰੀ ਇਕ ਜਰਮ ਰਾਹੀਂ ਹੁੰਦੀ ਹੈ। ਇਹ ਜਰਮ ਬੀਮਾਰੀ ਦਾ ਏਜੰਟ ਹੈ। ਇਸ ਤਰ੍ਹਾਂ ਇਕ ਮਾਹੌਲ ਹੈ ਜਿਸ ਦੀ ਮੌਜੂਦਗੀ ਵਿਚ ਜਰਮ ਹਮਲਾ ਕਰਦਾ ਹੈ ਤੇ ਅਸਰ ਦਿਖਾਉਂਦਾ ਹੈ, ਜਿਵੇਂ ਕੰਮ ਵਾਲੀ ਥਾਂ ਦੀ ਮਾੜੀ ਹਾਲਤ, ਘਰ ਦਾ ਮਾਹੌਲ, ਸਾਫ ਹਵਾ ਨਾ ਹੋਣੀ ਆਦਿ ਤੇ ਤੀਸਰਾ ਹੈ ਮਨੁੱਖ। ਮਨੁੱਖ ਵਿੱਚ ਇਕ ਸਰੀਰਕ ਸਮਰਥਾ ਹੁੰਦੀ ਹੈ ਜਿਸ ਰਾਹੀਂ ਉਹ ਜੀਵਾਣੂਆਂ ਨਾਲ ਲੜ ਸਕਣ ਦੇ ਕਾਬਿਲ ਹੁੰਦਾ ਹੈ। ਜਦੋਂ ਵੀ ਜੀਵਾਣੂਆਂ ਦਾ ਹਮਲਾ ਹੁੰਦਾ ਹੈ, ਮਨੁੱਖੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਹਰਕਤ ਵਿੱਚ ਆ ਜਾਂਦੀ


ਬੱਚੇ ਕਦੇ ਤੰਗ ਨਹੀਂ ਕਰਦੇ/ 26