ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਤੇ ਉਹ ਮਨੁੱਖ ਨੂੰ ਬੀਮਾਰੀਆਂ ਤੋਂ ਬਚਾਉਂਦੀ ਹੈ। ਪਰ ਕਈ ਹਾਲਾਤਾਂ ਵਿੱਚ ਉਹ ਵੀ ਕਮਜੋਰ ਹੋ ਜਾਂਦੀ ਹੈ ਜਿਵੇਂ ਟੀ.ਬੀ. ਵਿੱਚ ਚੰਗੀ ਖੁਰਾਕ ਨਾ ਮਿਲਣੀ, ਕੰਮ ਦੇ ਬੋਝ ਵਿੱਚ ਆਰਾਮ ਨਾ ਕਰਨਾ ਆਦਿ, ਮਨੁੱਖੀ ਤਾਕਤ ਨੂੰ ਘੱਟ ਕਰਦੇ ਹਨ। ਕਿਸੇ ਵੀ ਬੀਮਾਰੀ ਨੂੰ ਆਪਣਾ ਜਾਲ ਵਿਛਾਉਣ ਲਈ ਇਨ੍ਹਾਂ ਤਿੰਨਾਂ ਪਹਿਲੂਆਂ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਇਨ੍ਹਾਂ ਵਿਚੋਂ ਇੱਕ ਨੂੰ ਵੀ ਇਸ ਤਰੀਕੇ ਨਾਲ ਢਾਲ ਲਈਏ ਕਿ ਉਹ ਬਾਕੀ ਦੋਹਾਂ ਦਾ ਸਾਥ ਨਾ ਦੇਵੇ ਤਾਂ ਬੀਮਾਰੀ ਤੋਂ ਬਚਾਅ ਹੋ ਸਕਦਾ ਹੈ।

ਇਸ ਵਿਗਿਆਨਕ ਸਮਝ ਨੂੰ ਅਸੀਂ ਹੁਣ ਨਸ਼ਿਆਂ ਦੀ ਸਮੱਸਿਆ ਉਪਰ ਲਾਗੂ ਕਰਕੇ ਦੇਖਾਂਗੇ/ਸਮਝਾਂਗੇ। ਨਸ਼ਿਆਂ ਦੀ ਸਮੱਸਿਆ ਵਿਚ ਏਜੰਟ ਹਨ— ਵੱਖ ਵੱਖ ਤਰ੍ਹਾਂ ਦੇ ਨਸ਼ੇ ਭਾਵ ਸ਼ਰਾਬ, ਤੰਬਾਕੂ, ਅਫੀਮ, ਗੋਲੀਆਂ, ਕੈਪਸੂਲ, ਟੀਕੇ, ਸਮੈਕ ਆਦਿ। ਮਾਹੌਲ ਦੀ ਭੂਮਿਕਾ ਵਿਚ ਹੈ ਪਰਿਵਾਰ, ਸਕੂਲ, ਕੰਮ ਵਾਲੀ ਥਾਂ, ਸਾਥੀ, ਸਹਿਪਾਠੀ, ਹਮਉਮਰ ਆੜੀ ਅਤੇ ਸਮਾਜਿਕ, ਧਾਰਮਿਕ, ਰਾਜਨੀਤਕ ਵਰਤਾਰਾ। ਸਾਡਾ ਸੱਭਿਆਚਾਰ ਵਗੈਰਾ। ਤੀਸਰਾ ਹੈ ਮਨੁੱਖ।

ਸਾਡੇ ਲਈ ਮਨੁੱਖ ਦੀ ਇਕ ਪੂਰੀ ਲੜੀ ਵਿੱਚ ਨਿਸ਼ਾਨਾ ਹੈ- ਕਿਸ਼ੋਰ, ਸਾਡੇ ਗੱਭਰੂ ਅਤੇ ਮੁਟਿਆਰਾਂ। ਸਾਡੇ ਉਹ ਬੱਚੇ ਜੋ ਜਵਾਨੀ ਵੱਲ ਪੈਰ ਪੁੱਟ ਰਹੇ ਹਨ। ਸਾਡੇ ਕੋਲ ਇਹ ਤੱਥ ਮੌਜੂਦ ਹੈ ਕਿ ਵੱਖ ਵੱਖ ਨਸ਼ਿਆਂ ਦੀ ਸ਼ੁਰੂਆਤ ਦੇ ਵਰ੍ਹੇ ਕਿਸ਼ੋਰ ਉਮਰ ਵਿੱਚ ਸ਼ੁਰੂ ਹੁੰਦੇ ਹਨ।ਤੰਬਾਕੂ 12-13 ਸਾਲ ਤੇ ਸ਼ਰਾਬ ਦਾ ਸੇਵਨ 16 ਕੁ ਸਾਲ ਅਤੇ ਸਮੈਕ ਦੀ ਸ਼ੁਰੂਆਤ 17-18 ਸਾਲ 'ਤੇ ਹੁੰਦੀ ਹੈ। ਇਹ ਸਾਰੇ ਕਿਸ਼ੋਰ ਅਵਸਥਾ ਦੇ ਵਰ੍ਹੇ ਹਨ। ਇਹ ਤੱਥ, ਇਹ ਆਂਕੜੇ ਸਾਨੂੰ ਕੁਝ ਸੋਚਣ ਲਈ ਮਜਬੂਰ ਕਰਦੇ ਹਨ। ਇਹ ਆਂਕੜੇ ਸਾਨੂੰ ਉਸ ਦਿਸ਼ਾ ਵੱਲ ਲੈ ਜਾਣ ਲਈ ਪ੍ਰੇਰਦੇ ਹਨ ਕਿ ਇਹ ਉਮਰ ਦਾ ਕਿਸ ਤਰ੍ਹਾਂ ਦਾ ਪੜਾਅ ਹੈ ਜਦੋਂ ਬੱਚੇ ਨਸ਼ਿਆਂ ਵੱਲ ਝੁਕ ਜਾਂਦੇ ਹਨ। ਇਨ੍ਹਾਂ ਆਂਕੜਿਆਂ ਤੋਂ ਰੋਮਾਂਚਿਤ ਹੋਣ ਦੀ ਲੋੜ ਨਹੀਂ, ਇਨ੍ਹਾਂ ਨੂੰ ਸਟੇਜ ਤੇ ਬੋਲ ਕੇ, ਲੋਕਾਂ ਨੂੰ ਲਲਕਾਰਣ ਦੀ ਲੋੜ ਵੀ ਨਹੀਂ, ਇਸ ਤੋਂ ਵੱਧ ਇਨ੍ਹਾਂ ਆਂਕੜਿਆਂ ਦੇ ਪਿਛੋਕੜ ਵਿੱਚ ਝਾਕਣ ਦੀ ਲੋੜ ਹੈ ਤੇ ਉਹ ਤੰਦ ਫੜਣ ਦੀ ਲੋੜ ਹੈ, ਜੋ ਸਾਨੂੰ ਕਿਸੇ ਰਾਹ 'ਤੇ ਲੈ ਕੇ ਜਾਵੇ।

ਆਉ! ਇਸ ਕਿਸ਼ੋਰ ਅਵਸਥਾ ਬਾਰੇ ਗੱਲ ਕਰਦੇ ਹਾਂ। ਇਸ 13-14 ਸਾਲ ਦੀ ਉਮਰ ਬਾਰੇ ਗੱਲ ਕਰਦੇ ਹਾਂ। ਇਸ ਉਮਰ ਤੇ ਤਿੰਨ ਤਬਦੀਲੀਆਂ ਵਾਪਰਦੀਆਂ ਹਨ: ਪਹਿਲਾ ਸਰੀਰਕ ਤਬਦੀਲੀ, ਦੂਸਰਾ ਸੈਕਸ ਅੰਗਾਂ ਦਾ ਵਿਕਾਸ ਅਤੇ ਤੀਸਰਾ ਬੁੱਧੀ ਦਾ ਵਿਕਾਸ। ਸਰੀਰਕ ਤਬਦੀਲੀ ਬਾਰੇ ਅਸੀਂ ਸਾਰੇ ਚੰਗੀ ਤਰ੍ਹਾਂ ਜਾਣੂੰ ਹਾਂ। ਕੱਦ ਵਧਦਾ ਹੈ, ਗਲੇ ਵਿਚ 'ਕਾਂ' ਬਾਹਰ ਨੂੰ ਨਿਕਲਦਾ ਹੈ, ਜਿਸ ਨਾਲ ਮੁੰਡੀਆਂ ਦੀ ਆਵਾਜ਼ ਭਾਰੀ ਹੋ ਜਾਂਦੀ ਹੈ, ਚਿਹਰੇ ਤੇ ਵਾਲ ਆਉਣ ਲਗਦੇ ਹਨ। ਇਸੇ ਤਰ੍ਹਾਂ ਲੜਕੀਆਂ ਦਾ ਕੱਦ ਅਤੇ ਭਾਰ ਵਧਦਾ ਹੈ, ਛਾਤੀਆਂ ਦਾ ਉਭਾਰ ਸ਼ੁਰੂ ਹੁੰਦਾ ਹੈ। ਗਰਦਨ ਗੋਲ ਹੀ ਰਹਿੰਦੀ ਹੈ ਤੇ ਆਵਾਜ਼ ਚੀਕਵੀਂ ਹੁੰਦੀ ਹੈ।

ਸੈਕਸ ਅੰਗਾਂ ਦੇ ਵਿਕਾਸ ਨੂੰ ਲੈ ਕੇ, ਦੋਹਾਂ ਸੈਕਸਾਂ ਵਿਚ, ਸੈਕਸ ਅੰਗ ਵਧਣੇ ਸ਼ੁਰੂ ਹੁੰਦੇ ਹਨ। ਲੜਕਿਆਂ ਵਿੱਚ ਲਿੰਗ ਅਤੇ ਪਤਾਲੂ ਦਾ ਆਕਾਰ ਵਧਦਾ ਹੈ, ਲੜਕੀਆਂ ਵਿੱਚ ਅੰਡਕੋਸ਼, ਬੱਚੇਦਾਨੀ, ਯੋਨੀ ਦਾ ਆਕਾਰ ਵਧਦਾ ਹੈ। ਸੈਕਸ ਨਾਲ ਸਬੰਧਿਤ ਹਾਰਮੋਨਜ਼ ਅਤੇ ਰਸਾਇਣ ਹਰਕਤ ਵਿਚ ਆਉਂਦੇ ਹਨ, ਜਿੰਨਾਂ ਦੇ ਪ੍ਰਭਾਵ ਤਹਿਤ ਇਹ ਅੰਗਾਂ ਵਿਚ ਤਬਦੀਲੀਆਂ ਤਾਂ ਆਉਂਦੀਆਂ ਹਨ, ਇਨ੍ਹਾਂ ਅੰਗਾਂ ਦੀ ਕਾਰਜਪ੍ਰਣਾਲੀ ਵੀ ਆਪਣਾ ਕਾਰਜ ਆਰੰਭ ਦਿੰਦੀ ਹੈ।

ਲੜਕਿਆਂ ਵਿਚ ਵੀਰਜ ਬਣਨਾ ਸ਼ੁਰੂ ਹੋ ਜਾਂਦਾ ਹੈ ਤੇ ਲੜਕੀਆਂ ਵਿੱਚ ਮਾਹਵਾਰੀ ਸ਼ੁਰੂ ਹੋ ਜਾਂਦੀ


ਬੱਚੇ ਕਦੇ ਤੰਗ ਨਹੀਂ ਕਰਦੇ/ 27