ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਰਸਾਇਣਾਂ ਦਾ ਅਸਰ ਮਾਨਸਿਕਤਾ ਤੇ ਵੀ ਪੈਂਦਾ ਹੈ। ਜਿਸ ਕਾਰਨ ਬੱਚੇ ਦੇ ਸੁਭਾਅ ਵਿਚ ਤਬਦੀਲੀ ਆਉਂਦੀ ਹੈ। ਉਹ ਵੱਧ ਜਜ਼ਬਾਤੀ ਹੁੰਦੇ ਹਨ ਅਤੇ ਉਨ੍ਹਾਂ ਦਾ ਮੂਡ ਟਿਕਵਾਂ ਨਹੀਂ ਹੁੰਦਾ।

ਇਸੇ ਤਰ੍ਹਾਂ ਮਾਨਸਿਕ ਅਤੇ ਬੌਧਿਕ ਵਿਕਾਸ ਹੁੰਦਾ ਹੈ। ਇਹ ਇੱਕ ਅਹਿਮ ਅਤੇ ਮਹੱਤਵਪੂਰਨ ਪਹਿਲੂ ਹੈ ਅਤੇ ਬਹੁਤ ਸਾਰੇ ਇਸ ਪਹਿਲੂ ਤੋਂ ਅਨਜਾਣ ਹਨ। ਸਭ ਤੋਂ ਵੱਡੀ ਤਬਦੀਲੀ ਜੋ ਹੁੰਦੀ ਹੈ ਉਹ ਹੈ- ਤਰਕ ਕਰਨ ਦੀ ਸਮਰੱਥਾ ਵਿੱਚ ਵਿਕਾਸ ਹੋਣਾ। ਸਾਧਾਰਨ ਭਾਸ਼ਾ ਵਿੱਚ ਕਹੀਏ ਕਿ ਬੱਚਾ ਜਗਿਆਸੂ ਹੁੰਦਾ ਹੈ ਤੇ ਨਾਲ ਹੀ ਨਾਲ ਹਰ ਵਰਤਾਰੇ ਲਈ ਕਿਉਂ? ਦਾ ਭਾਵ ਉਪਜਦਾ ਹੈ। ਅੱਜ ਤੋਂ ਪਹਿਲਾਂ, ਭਾਵ ਕਿਸ਼ੋਰ ਅਵਸਥਾ ਦੀ ਉਮਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹ ਹਰ ਗੱਲ ‘ਜੀ ਹਜ਼ੂਰ’ ਦੇ ਲਹਿਜੇ ਵਿੱਚ ਸਿੱਖਦਾ, ਮੰਨਦਾ ਹੈ, ਪਰ ਹੁਣ ਉਹ ਕੁਝ ਵਿਆਖਿਆ ਚਾਹੁੰਦਾ ਹੁੰਦਾ ਹੈ। ਜੋ ਬੱਚਾ ਕੱਲ ਤੱਕ ਤੁਹਾਡੇ ਕਹਿਣ ਤੇ ਹਰ ਆਏ-ਗਏ ਦੇ ਗੋਡੀ ਹੱਥ ਲਗਾਉਂਦਾ ਹੈ, ਮੰਦਰਗੁਰਦੁਆਰੇ ਨੱਕ ਰਗੜਦਾ ਹੈ, ਜੋ ਚੰਦ ਨੂੰ ਮਾਮਾਂ ਕਹਿੰਦਾ ਹੈ ਤੇ ਚੰਦਰਮਾ ਵਿਚੋਂ ਉਭਰਦੀ ਤਸਵੀਰ ਨੂੰ ਚਰਖਾ ਕੱਤਦੀ ਮਾਈ ਕਹਿ ਕੇ ਸਾਰ ਲੈਂਦਾ ਹੈ....ਉਹ ਹੁਣ ਹੌਲੀ ਹੌਲੀ ਨਾ-ਨੁਕਰ ਕਰਨ ਲਗਦਾ ਹੈ, ਤੁਹਾਡੀ ਕਹੀ ਗੱਲ ਨੂੰ ਧਿਆਣ ਨਾਲ ਨਹੀਂ ਸੁਣਦਾ, ਕਿਸੇ ਵੀ ਕੰਮ ਨੂੰ ਟਾਲਣ ਲਗਦਾ ਹੈ, ਉਹ ਅਖਬਾਰ ਪੜ੍ਹ ਕੇ ਨੇਤਾਵਾਂ ਦੇ ਭਾਸ਼ਣਾਂ ਦਾ ਪ੍ਰਤੀਕਰਮ ਪੇਸ਼ ਕਰਦਾ ਹੈ, ਉਹ ਸਕੂਲ ਵਿਚ ਪੜ੍ਹਾ ਰਹੇ ਅਧਿਆਪਕਾਂ ਦੇ ਕਿਰਦਾਰ ਉਪਰ ਪ੍ਰਤੀਕ੍ਰਿਆ ਜਾਹਿਰ ਕਰਨ ਲਗ ਪੈਂਦਾ ਹੈ। ਕਈ ਵਾਰ ਤੁਸੀਂ ਹੈਰਾਨ ਹੁੰਦੇ ਹੋ ਕਿ ਇਹ ਕੀ ਹੋ ਗਿਆ? ਕੀ ਇਹ ਉਹੀ ਬੱਚਾ ਹੈ? ਕਈ ਵਾਰ ਲਗਦਾ ਹੈ ਕਿ ਇਹ ਕਲ ਤਕ ਸਿਆਣਾ ਸੀ, ਆਗਿਆਕਾਰੀ ਸੀ, ਹੁਣ ਹੌਲੀ ਹੌਲੀ ਵਿਗੜ ਰਿਹਾ ਹੈ, ਇਸ ਨੂੰ ਜਮਾਨੇ ਦੀ ਹਵਾ ਲਗ ਗਈ ਹੈ, ਇਸ ’ਤੇ ਜਮਾਨੇ ਦਾ, ਸਾਥੀਆਂ ਦਾ ਅਸਰ ਹੋ ਗਿਆ ਹੈ। ਕਈ ਵਾਰੀ ਅਸੀਂ ਸਕੂਲ ਦਾ, ਪੜ੍ਹਾਈ ਦਾ ਦੋਸ਼ ਕੱਢਦੇ ਹਾਂ ਤੇ ਕਈ ਵਾਰ ਅਸੀਂ ਟੈਲੀਵੀਜਨ ਨੂੰ ਇਸ ਦਾ ਜੁੰਮੇਵਾਰ ਠਹਿਰਾਉਂਦੇ ਹਾਂ। ਦਰਅਸਲ ਇਹ ਉਸ ਦੇ ਮਾਨਸਿਕ ਵਿਕਾਸ ਦਾ ਹਿੱਸਾ ਹੈ।ਮੈਂ ਕਹਿਣਾ ਕਿ ਅਸੀਂ ਆਪਣੇ ਬੱਚਿਆਂ ਦੇ ਸਰੀਰਕ ਵਿਕਾਸ ਪ੍ਰਤੀ ਚੇਤੰਨ ਹੋਏ ਹਾਂ। ਅਸੀਂ ਦੇਖਦੇ ਹਾਂ ਕਿ ਬੱਚਾ ਪੰਜ ਮਹੀਨੇ ਦਾ ਹੋ ਗਿਆ ਪਰ ਬੈਠਣ ਨਹੀਂ ਲੱਗਿਆ ਤੇ ਸਾਨੂੰ ਚਿੰਤਾ ਹੁੰਦੀ ਹੈ। ਅਸੀਂ ਦੇਖਦੇ ਹਾਂ ਸਾਡਾ ਬੱਚਾ ਸੱਤ ਮਹੀਨੇ ਦਾ ਹੋ ਗਿਆ ਹੈ ਤੇ ਉਸ ਨੇ ਦੰਦੀਆਂ ਕੱਢਣੀਆਂ ਸ਼ੁਰੂ ਨਹੀਂ ਕੀਤੀਆਂ, ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਅਸੀਂ ਡਾਕਟਰ ਕੋਲ ਦੌੜਦੇ ਹਾਂ ਤੇ ਇਸ ਬਾਰੇ ਸਲਾਹ ਕਰਦੇ ਹਾਂ। ਇਸੇ ਤਰ੍ਹਾਂ ਵਿਕਾਸ ਦੇ ਇਸ ਦੂਸਰੇ ਦੌਰ ਵਿਚ, ਜਦੋਂ ਬੱਚਾ ਵੱਡਾ ਹੋ ਰਿਹਾ ਹੁੰਦਾ ਹੈ, ਉਸ ਦਾ ਬੌਧਿਕ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ ਤਾਂ ਫਿਰ ਇਸ ਪੜਾਅ ਤੇ ਜੇਕਰ ਬੱਚਾ 12-13 ਸਾਲਾਂ ਦਾ ਹੋ ਕੇ ਤੁਹਾਡੇ ਅੱਗੇ ਸਵਾਲ ਨਹੀਂ ਪਾਉਂਦਾ ਤਾਂ ਤੁਹਾਨੂੰ ਚਿੰਤਤ ਹੋਣਾ ਚਾਹੀਦਾ ਹੈ।ਮੈਂ ਕਹਿਣਾ ਜੇ ਬੱਚਾ ਤੁਹਾਡੇ ਨਾਲ ਬਹਿਸਦਾ ਹੈ, ਤੁਹਾਡੀਆਂ ਮਾਨਤਾਵਾਂ ਨੂੰ ਰੱਦ ਕਰਦਾ ਹੈ, ਚੁਣੌਤੀ ਦਿੰਦਾ ਹੈ, ਚਰਚਾ ਕਰਦਾ ਹੈ, ਬਹਿਸ ਕਰਦਾ ਹੈ, ਕਿਸੇ ਦਲੀਲ ਨਾਲ ਆਪਣੀ ਗੱਲ ਰਖਦਾ ਹੈ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਵਿਕਸਿਤ ਹੋ ਰਿਹਾ ਹੈ।ਬੱਚੇ ਨੂੰ ਧਿਆਣ ਨਾਲ ਸੁਣੋ, ਉਸ ਦੀਆਂ ਦਲੀਲਾਂ ਤੇ ਗੌਰ ਕਰੋ।ਆਪ ਆਪਣੀਆਂ ਦਲੀਲਾਂ ਰੱਖੋ। ਉਸ ਦੀਆਂ ਦਲੀਲਾਂ ਦਾ ਸਤਿਕਾਰ ਕਰੋ। ਜੇਕਰ ਤੁਸੀਂ ਸੰਜਮ ਨਾਲ ਉਸ ਦੀ ਗੱਲ ਸੁਣੋਗੇ, ਉਸ ਦੀ ਗੱਲ ਨੂੰ ਮਾਨਤਾ ਦੇਵੋਗੇ ਤਾਂ ਉਹ ਵੀ ਇਸ ਤਰ੍ਹਾਂ ਦੇ ਮਾਹੌਲ ਵਿਚੋਂ ਤੁਹਾਡੀਆਂ ਗੱਲਾਂ, ਦਲੀਲਾਂ, ਮਾਨਤਾਵਾਂ ਦਾ ਸਤਿਕਾਰ ਕਰਨਾ ਸਿੱਖੇਗਾ। ਪਰ ਹੁੰਦਾ ਕੀ ਹੈ? ਅਸੀਂ ਉਸ ਦੀਆਂ ਗੱਲਾਂ ਪ੍ਰਤੀ ਖੁਸ਼

ਹੋਣ ਦੀ ਬਜਾਏ ਚਿੰਤਤ ਵੱਧ ਹੁੰਦੇ ਹਾਂ। ਖਿੱਝਦੇ ਹਾਂ, ਗੁੱਸੇ ਹੁੰਦੇ ਹਾਂ, ਨਿਰਾਸ਼ ਹੁੰਦੇ ਹਾਂ।ਇੱਕ ਸਾਡੇ


ਬੱਚੇ ਕਦੇ ਤੰਗ ਨਹੀਂ ਕਰਦੇ/ 28