ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਲ ਉਨ੍ਹਾਂ ਨਾਲ ਬਿਤਾਉਣ ਦਾ ਸਮਾਂ ਨਹੀਂ ਹੈ ਤੇ ਦੂਸਰਾ ਸਾਡੇ ਕੋਲ ਗਿਆਨ ਵੀ ਨਹੀਂ ਹੈ।ਇਸ ਗੱਲ ਬਾਰੇ ਅਸੀਂ ਕਦੀ ਵਿਚਾਰ ਨਹੀਂ ਕੀਤਾ।

ਇਸ ਉਮਰ ਦੇ ਵਿਕਾਸ ਨਾਲ ਇਕ ਗੱਲ ਜੋ ਹੋਰ ਜੁੜਦੀ ਹੈ ਅਤੇ ਮਨੋਵਿਗਿਆਨਕ ਖੋਜ਼ਾਂ ਨੇ ਉਸ ਪਹਿਲੂ ਨੂੰ ਉਭਾਰਿਆ ਹੈ ਕਿ ਹਰ ਵਿਅਕਤੀ ਆਪਣੇ ਮਨ ਵਿਚ ਇੱਕ ਆਦਰਸ਼ ਮਿੱਥਦਾ ਹੈ, ਇਕ ਆਦਰਸ਼ ਸਿਰਜਦਾ ਹੈ। ਜਦੋਂ ਬੱਚਾ ਆਪਣੀ ਜੀਵਕ ਹੋਂਦ ਤੋਂ ਬਾਅਦ ਆਪਣੇ ਆਲੇ ਦੁਆਲੇ ਪ੍ਰਤੀ ਚੇਤੰਨ ਹੋਣ ਲਗਦਾ ਹੈ, ਉਹ ਦੇਖਦਾ ਹੈ ਕਿ ਉਸ ਦੇ ਆਲੇ ਦੁਆਲੇ ਉਸ ਦਾ ਪਰਿਵਾਰ ਹੈ।ਉਹ ਖਾ-ਪੀ ਰਿਹਾ ਹੈ, ਸਹਾਰੇ ਨਾਲ ਬੈਠ-ਖੜਾ ਹੋ ਰਿਹਾ ਹੈ, ਦੌੜ ਰਿਹਾ ਹੈ। ਉਹ ਆਪਣੇ ਆਲੇ-ਦੁਆਲੇ ਦੀਆਂ ਚੀਜਾਂ ਬਾਰੇ ਪੁੱਛਗਿਛ ਕਰਦਾ ਹੈ-ਇਹ ਕੀ ਹੈ, ਉਹ ਕੀ ਹੈ-ਇਹ ਘੋੜਾ ਹੈ, ਇਹ ਕੁਰਸੀ ਹੈ, ਉਹ ਤਾਰੇ ਨੇ, ਇਹ ਚਿੜੀਆਂ ਨੇ...ਕਿੰਨਾ ਵੱਡਾ ਸੰਸਾਰ ਹੈ, ਕਿੰਨੀਆਂ ਚੀਜਾਂ ਨੇ।ਉਸ ਬੱਚੇ ਦੇ ਮਨ ਵਿੱਚ ਇੱਕ ਆਦਰਸ਼ ਉਭਰਦਾ ਹੈ- ਉਸ ਦੀ ਮਾਤਾ ਜਾਂ ਪਿਤਾ, ਜੋ ਉਸ ਨਾਲ ਵੱਧ ਸਮਾਂ ਬਿਤਾਉਂਦਾ ਹੈ ਤੇ ਉਸ ਦੀਆਂ ਗੱਲਾਂ ਦਾ ਜਵਾਬ ਦਿੰਦਾ ਹੈ। ਫਿਰ ਉਹ ਸਕੂਲ ਜਾਂਦਾ ਹੈ। ਅਧਿਆਪਕ ਉਸ ਨੂੰ ਪੜ੍ਹਾਉਂਦੇ ਨੇ, ਉਸ ਦੀ ਹਰ ਗੱਲ ਦਾ ਜਵਾਬ ਦਿੰਦੇ ਨੇ।ਉਸ ਦੇ ਅਨੇਕਾਂ ਸ਼ੰਕਿਆਂ ਨੂੰ ਦੂਰ ਕਰਦੇ ਨੇ। ਉਸ ਵੇਲੇ ਉਸ ਨੂੰ ਜਾਪਦਾ ਹੈ ਕਿ ਅਧਿਆਪਕ ਨੂੰ ਬਹੁਤ ਜਿਆਦਾ ਪਤਾ ਹੈ, ਮਾਂ-ਪਿਉ ਤੋਂ ਵੀ ਜਿਆਦਾ, ਕਿਉਂ ਜੋ ਕਈ ਸਵਾਲ ਜੋ ਉਸ ਨੂੰ ਸਕੂਲੀ ਅਦਾਰੇ ਵਿਚੋਂ, ਪਾਠ-ਪੁਸਤਕਾਂ ਵਿਚੋਂ ਲੱਭਦੇ ਹਨ, ਉਨ੍ਹਾਂ ਦਾ ਜਵਾਬ ਮਾਂ ਪਿਉ ਕੋਲ ਨਹੀਂ ਹੁੰਦਾ। ਉਸ ਦਾ ਆਦਰਸ਼ ਬਦਲ ਜਾਂਦਾ ਹੈ ਤੇ ਉਹ ਅਧਿਆਪਕ ਤੇ ਜਾ ਟਿਕਦਾ ਹੈ। ਅਜੋਕੇ ਮਾਹੌਲ ਵਿੱਚ ਜਦੋਂ ਟੀ.ਵੀ. ਬਹੁਤ ਜਿਆਦਾ ਗਿਆਨ ਅਤੇ ਜਾਣਕਾਰੀ ਪਰੋਸ ਰਿਹਾ ਹੈ ਤਾਂ ਬਹੁਤੀ ਵਾਰੀ ਅਧਿਆਪਕ ਕੋਲ ਬੱਚਿਆਂ ਦੇ ਸਵਾਲਾਂ ਦਾ ਜਵਾਬ ਨਹੀਂ ਹੁੰਦਾ। ਦੂਸਰਾ, ਅਜੋਕੇ ਮਾਹੌਲ ਵਿੱਚ ਅਧਿਆਪਕ ਵੀ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਬਣਾ ਕੇ ਨਹੀਂ ਰਖ ਰਹੇ। ਇਸੇ ਤਰ੍ਹਾਂ ਉਹ ਰਿਸ਼ਤੇਦਾਰਾਂ ਵਿਚੋਂ, ਆਲੇ-ਦੁਆਲੇ ਦੇ ਰਾਜਨੀਤਕ-ਧਾਰਮਿਕ ਨੇਤਾਵਾਂ ਵਿਚੋਂ ਆਪਣੇ ਆਦਰਸ਼ ਦੇਖਦਾ-ਲੱਭਦਾ-ਬਣਾਉਂਦਾ ਹੈ। ਫਿਰ ਜਦੋਂ ਉਹ ਬਚਪਨ ਦੀ ਦਹਿਲੀਜ ਪਾਰ ਕਰਦਾ, ਅਚੇਤ ਅਵਸਥਾ ਵਿਚ ਸਮਾਜ ਨੂੰ ਕਬੂਲ ਕਰਦਾ, ਚੇਤੰਨ ਹੁੰਦਾ ਹੈ, ਜਗਿਆਸੂ ਬਣਦਾ ਹੈ, ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ ਤੇ ਉਹ ਤਰਕਸ਼ੀਲ ਹੁੰਦਾ ਜਾਂਦਾ ਹੈ, ਕਿੰਤੂ-ਪਰੰਤੂ ਕਰਦਾ ਹੈ ਤੇ ਉਹ ਹੁਣ ਆਪਣੇ ਮਿੱਥੇ ਆਦਰਸ਼ਾਂ ਪ੍ਰਤੀ ਵੀ ਸੁਚੇਤ ਹੁੰਦਾ ਹੈ। ਉਸ ਨੂੰ ਮਾਂ ਪਿਉ, ਅਧਿਆਪਕ, ਨੇਤਾਵਾਂ ਵਿੱਚ ਵੀ ਖੋਟ ਦਿਸਦੀ ਹੈ। ਉਸ ਨੂੰ ਜਾਪਦਾ ਹੈ ਕਿ ਜੋ ਕੁਝ ਉਸ ਨੇ ਆਪਣੇ ਮਨ ਵਿਚ ਇਨ੍ਹਾਂ ਦੀ ਤਸਵੀਰ ਬਣਾਈ ਸੀ, ਉਹ ਉਸ ਤਰ੍ਹਾਂ ਨਹੀਂ। ਉਹ ਨਵੇਂ ਆਦਰਸ਼ ਮਿੱਥਦਾ ਹੈ ਜਾਂ ਉਹ ਇਨ੍ਹਾਂ ਤੋਂ ਟੁੱਟ ਕੇ ਨਿਰਾਸ਼ ਹੋ ਜਾਂਦਾ ਹੈ ਤੇ ਭਟਕ ਜਾਂਦਾ ਹੈ। ਇਹ ਭਟਕਣਾ ਉਸ ਨੂੰ ਨਸ਼ੇ ਦੇ ਰਾਹ ਤੇ ਲੈ ਜਾਵੇ ਜਾਂ ਹੋਰ ਗੈਰ-ਸਮਾਜਿਕ ਕਾਰਜਾਂ ਵਿਚ ਉਲਝਾ ਦੇਵੇ, ਕਿਸੇ ਮਨੋਰੋਗ ਦਾ ਸ਼ਿਕਾਰ ਬਣਾ ਦੇਵੇ, ਇਹ ਉਸ ਦਾ ਆਲਾ ਦੁਆਲਾ ਤੈਅ ਕਰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਇਸ ਪੜਾਅ ਨੂੰ ਬੜੇ ਹੀ ਨਾਜ਼ੁਕ ਅਤੇ ਸੰਵੇਦਨਸ਼ੀਲ ਢੰਗ ਨਾਲ ਲੈਣ ਦਾ ਹੈ।ਅੱਜ ਜਦੋਂ ਅਸੀਂ ਨੌਜਵਾਨਾਂ ਬਾਰੇ ਭਟਕਾਅ ਦੀ ਗੱਲ ਕਰਦੇ ਹਾਂ, ਉਨ੍ਹਾਂ ਦੇ ਕਮਰਿਆਂ ਵਿਚ ਸ਼ਾਹਰੁਖ ਖਾਨ, ਐਸ਼ਵਰਿਆ ਰਾਏ ਜਾਂ ਸਚਿਨ ਤੇਂਦੁਲਕਰ ਵਗੈਰਾ ਦੀਆਂ ਫੋਟੋਆਂ ਨੂੰ ਦੇਖਦੇ ਹਾਂ ਤਾਂ ਇਕ ਕਾਰਨ ਇਹ ਵੀ ਹੈ ਕਿ ਮਾਂ ਪਿਉ, ਅਧਿਆਪਕ ਜਾਂ ਹੋਰ ਨੇਤਾਵਾਂ-ਆਗੂਆਂ ਦੀ ਅਣਹੋਂਦ ਤੋਂ ਬਾਅਦ, ਮੀਡੀਆ ਉਨ੍ਹਾਂ ਬੱਚਿਆਂ ਦੇ

ਖਾਲੀਪਨ ਨੂੰ ਭਰਦਾ ਹੈ। ਮੀਡੀਆਂ ਉਨ੍ਹਾਂ ਨੂੰ ਚਮਕਦਾਰ ਦੁਨੀਆਂ ਵਿਚ ਲੈ ਜਾਂਦਾ ਹੈ। ਇਹ


ਬੱਚੇ ਕਦੇ ਤੰਗ ਨਹੀਂ ਕਰਦੇ/29