ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਡਜ਼ ਦੀ ਬੀਮਾਰੀ ਤੋਂ ਪੀੜਤ ਕੁਲ ਲੋਕਾਂ ਵਿੱਚ, ਤਕਰੀਬਨ ਅੱਧੇ ਪੀੜਤ ਇਸ ਉਮਰ ਦੇ ਹਨ ਅਤੇ ਸੜਕ ਹਾਦਸਿਆਂ ਦੇ ਅਨੇਕਾਂ ਕਾਰਨ ਹੋ ਸਕਦੇ ਹਨ, ਪਰ ਹਾਦਸਿਆਂ ਨਾਲ ਪੀੜਤ ਲੋਕਾਂ ਵਿੱਚੋਂ ਸਭ ਤੋਂ ਵੱਧ ਦਰ, ਇਸ ਉਮਰ ਦੀ ਹੈ। ਤੁਸੀਂ ਇਸ ਦਾ ਵਿਸ਼ਲੇਸ਼ਣ ਕਰ ਕੇ ਦੇਖੋ। ਇਸ ਉਮਰ ਦੀ ਮਾਨਸਿਕਤਾ ਦਾ ਪਹਿਲੂ ਹੈ ਜਿਗਿਆਸਾ, ਹਰ ਚੀਜ ਜਾਨਣ ਦੀ ਕੋਸ਼ਿਸ਼। ਉਸ ਜਿਗਿਆਸਾ ਕਾਰਨ ਵਿਅਕਤੀ ਛਾਣ-ਬੀਣ ਕਰਦਾ ਹੈ, ਵਰਤਾਰੇ ਦੀ ਘੋਖ ਕਰਦਾ ਹੈ।ਸਿਰਫ ਜਾਣਕਾਰੀ ਤੱਕ ਹੀ ਸੀਮਤ ਨਾ ਰਹਿ ਕੇ ਕਿੰਤੂ-ਪਰੰਤੂ ਕਰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਇਹ ਉਮਰ ਤਜਰਬੇ ਕਰਨ ਦੀ ਉਮਰ ਹੈ। ਇਸੇ ਲਈ ਸੈਕਸ ਬਾਰੇ, ਜੋ ਕਿ ਸਾਡੇ ਸਮਾਜ ਵਿੱਚ ਚਰਚਾ ਪੱਖੋਂ ਵਰਜਿਤ ਵਿਸ਼ਾ ਹੈ, ਇਸੇ ਤਰ੍ਹਾਂ ਨਸ਼ਿਆਂ ਦਾ ‘ਸਵਾਦ’ ਲੈਣਾ ਕਿ ਦੇਖੀਏ ਤਾਂ ਸਹੀ ਕਿ ਇਸ ਨਾਲ ਹੁੰਦਾ ਕੀ ਹੈ ਤੇ ਨਾਲੇ ਦੂਸਰੇ ਵੱਲੋਂ ਹੱਲਾ ਸ਼ੇਰੀ ਕਿ ਜ਼ਿੰਦਗੀ ਵਿੱਚ ਹਰ ਤਜਰਬਾ ਕਰਨਾ ਚਾਹੀਦਾ ਹੈ ਤੇ ਆਪਣੇ ਆਪ ਵਿੱਚ ਹੱਦੋਂ-ਵੱਧ ਆਤਮ ਵਿਸ਼ਵਾਸ ਕਿ ਤਜਰਬਾ ਕਰਨ ਵਿੱਚ ਕੀ ਹਰਜ ਹੈ, ਮੈਨੂੰ ਨਹੀਂ ਕੋਈ ਨਸ਼ੇ ਲਵਾ ਸਕਦਾ। ਇਸੇ ਤਰ੍ਹਾਂ ਮੋਟਰਸਾਇਕਲ ਜਾਂ ਕਾਰ, ਜਦੋਂ ਸਿੱਖ ਕੇ ਪਹਿਲੀ ਵਾਰ, ਆਤਮ ਨਿਰਭਰ ਹੋ ਕੇ ਚਲਾਏ ਜਾਂਦੇ ਹਨ ਤੇ ਇਹ ਇਕ ਤਰ੍ਹਾਂ ‘ਉੱਡਣ’ ਵਾਂਗ ਹੀ ਹੁੰਦਾ ਹੈ ਤੇ ਇਸ ਦਾ ਆਪਣਾ ਲੁਤਫ਼ ਹੁੰਦਾ ਹੈ। ਅਸੀਂ ਇਸ ਮਾਨਸਿਕਤਾ ਨੂੰ ਸਮਝਾਂਗੇ ਤਾਂ ਸਾਨੂੰ ਇਸ ਉਸਰਦੇ ਵਿਵਹਾਰ ਅਤੇ ਉਸ ਵਿਵਹਾਰ ਤੋਂ ਪੈਦਾ ਹੋਏ ਸਿੱਟਿਆਂ ਦੀ ਸਮਝ ਆਵੇਗੀ।

ਜਦੋਂ ਅਸੀਂ ਇਸ ਤਰ੍ਹਾਂ ਦੀ ਮਾਨਸਿਕਤਾ ਦੀ ਗੱਲ ਕਰਦੇ ਹਾਂ ਤਾਂ ਫਿਰ ਕਈ ਵਾਰ ਇੰਜ ਜਾਪਦਾ ਹੈ ਕਿ ਉਨ੍ਹਾਂ ਨੇ ਤਜਰਬਾ ਕਰਨਾ ਹੀ ਕਰਨਾ ਹੈ, ਅਸੀਂ ਕੁਝ ਕਰ ਹੀ ਨਹੀਂ ਸਕਦੇ। ਇਹ ਗੱਲ ਨਹੀਂ ਹੈ। ਸਾਨੂੰ ਬੱਚੇ ਦੇ ਮਾਨਸਿਕ ਪੜਾਆਂ ਦਾ ਪਤਾ ਹੋਵੇ। ਉਸ ਦੀ ਵਿਕਾਸ ਦੀ ਲੈਅ ਬਾਰੇ ਸਾਨੂੰ ਜਾਣਕਾਰੀ ਹੋਵੇ।ਅਸੀਂ ਤਜਰਬੇ ਕਰਨ ਤੋਂ ਜੇ ਰੋਕ ਨਹੀਂ ਸਕਦੇ ਤਾਂ ਕੀ ਅਸੀਂ ਸੁਚੇਤ ਵੀ ਨਹੀਂ ਕਰ ਸਕਦੇ। ਸੁਚੇਤ ਅਸੀਂ ਤਾਂ ਹੀ ਕਰਾਂਗੇ ਜੇਕਰ ਖੁਦ ਸੁਚੇਤ ਹੋਵਾਂਗੇ।

ਤੁਸੀਂ ਇਸ ਸਥਿਤੀ ਨੂੰ, ਇਕ ਗੱਲ ਤੋਂ ਚੰਗੀ ਤਰ੍ਹਾਂ ਸਮਝ ਸਕਦੇ ਹੋ। ਇੱਕ ਪਿੰਡ ਵਿੱਚ ਇੱਕ ਤਲਾਅ ਸੀ। ਬੱਚੇ ਉਸ ਵਿੱਚ ਨਹਾਉਣ ਜਾਂਦੇ। ਸ਼ਰਾਰਤ ਕਾਰਨ ਜਾਂ ਦੂਰ ਡੂੰਘੇ ਚਲ ਜਾਣ ਕਾਰਨ ਕੁਝ ਬੱਚੇ ਡੁੱਬ ਗਏ। ਸਾਰੇ ਪਿੰਡ ਵਾਲੇ ਇੱਕਠੇ ਹੋਏ ਤੇ ਇਸ ਹਾਦਸੇ ਤੇ ਚਿੰਤਾ ਪ੍ਰਗਟਾਈ। ਨਾਲ ਹੀ ਫੈਸਲਾ ਲਿਆ ਕਿ ਇਸ ਤਲਾਅ ਨੂੰ ਬੰਦ ਕਰ ਦਿੱਤਾ ਜਾਵੇ। ਚਾਰੇ ਪਾਸੇ ਕੰਡਿਆਲੀ ਵਾੜ ਲਗਾ ਦਿੱਤੀ ਗਈ। ਕੁਝ ਸਮੇਂ ਬਾਅਦ ਉਸ ਤਰ੍ਹਾਂ ਦਾ ਹਾਦਸਾ ਫਿਰ ਵਾਪਰ ਗਿਆ। ਬੱਚਿਆਂ ਦੀ ਜਗਿਆਸੂ ਅਤੇ ਤਜਰਬੇ ਵਾਲੀ ਪ੍ਰਵਿਰਤੀ ਨੇ ਉਨ੍ਹਾਂ ਨੂੰ ਕੋਈ ਰਾਹ ਲਭਾ ਦਿੱਤਾ। ਸਾਰੇ ਪਤਵੰਤੇ ਫਿਰ ਜੁੜ ਬੈਠੇ। ਕੁਝ ਸੂਝਵਾਨ ਹੋਰ ਲੋਕਾਂ ਨੂੰ ਬੁਲਾਇਆ ਗਿਆ।ਹਾਦਸੇ ਬਾਰੇ ਦੱਸਿਆ, ਵਿਚਾਰਿਆ। ਇਕ ਸੂਝਵਾਨ ਵਿਅਕਤੀ ਨੇ ਕਿਹਾ, ‘ਤਲਾਅ ਦੇ ਆਲੇ-ਦੁਆਲੇ ਕੰਡਿਆਲੀ ਤਾਰ ਕੋਈ ਕਿਸੇ ਤਰ੍ਹਾਂ ਦਾ ਹੱਲ ਨਹੀਂ ਹੈ। ਤੁਸੀਂ ਇਸ ਤਰ੍ਹਾਂ ਕਰੋ ਕਿ ਬੱਚਿਆਂ ਨੂੰ ਖੁਦ ਉਂਗਲ ਫੜ ਕੇ, ਨਾਲ ਲੈ ਜਾਉ ਤਲਾਅ ਵਿਚ।ਉਨ੍ਹਾਂ ਨੂੰ ਤੈਰਨਾ ਸਿਖਾਉ। ਜਦੋਂ ਉਹ ਤੈਰਨਾ ਸਿੱਖ ਜਾਣਗੇ, ਆਪੇ ਮਸਲਾ ਹੱਲ ਹੋ ਜਾਵੇਗਾ।"

ਇਹੀ ਕਾਰਨ ਹੈ ਕਿ ਅਸੀਂ ਬੱਚਿਆਂ ਦੇ ਮਾਨਸਿਕ ਵਿਕਾਸ ਬਾਰੇ ਜਾਣੀਏ, ਉਸ ਦੇ ਮੱਦੇਨਜ਼ਰ ਬੱਚਿਆਂ ਨੂੰ ਸਮਝੀਏ ਅਤੇ ਉਨ੍ਹਾਂ ਨੂੰ ਸਮਾਜਿਕ ਮਾਹੌਲ ਵਿਚ ਤੈਰਨ ਦਾ ਹੁਨਰ ਦੇਈਏ। ਜੇਕਰ ਅਸੀਂ ਆਪ ਜਾਣਕਾਰ ਹੋਵਾਂਗੇ, ਅਸੀਂ ਖੁਦ, ਨਿਸ਼ਚਿਤ ਹੀ ਵਧੀਆ ਨਿਗਰਾਨ ਹੋਵਾਂਗੇ।ਇਕ

ਸੁਚੱਜੇ ਸਲਾਹਕਾਰ ਹੋਵਾਂਗੇ।


ਬੱਚੇ ਕਦੇ ਤੰਗ ਨਹੀਂ ਕਰਦੇ/ 31