ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ ਹੈ, ਦਾਖਿਲ ਕਰਵਾ ਕੇ ਵੀ। ਇਹ ਮਰੀਜ ਦੀ ਸਥਿਤੀ ਤੇ ਨਿਰਭਰ ਕਰਦਾ ਹੈ। ਇਹ ਸਾਰੀਆਂ ਤਕਨੀਕੀ ਗੱਲਾਂ ਨੇ। ਜੋ ਵਿਸ਼ੇਸ਼ ਤੌਰ ਤੇ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹੈ, ਉਹ ਇਹ ਹੈ ਕਿ ਨਸ਼ੇ ਛੱਡਣ ਲਈ ਕੋਈ ਦਾਖਿਲ ਹੋਵੇ ਜਾਂ ਘਰੇ ਰਹਿ ਕੇ ਇਹ ਕਰੇ, ਉਸ ਨੂੰ ਮਾਨਸਿਕ ਤੌਰ ਤੇ ਤਿਆਰ ਹੋਣਾ ਚਾਹੀਦਾ ਹੈ। ਬੱਚਿਆਂ ਵਿਚ ਨਸ਼ਾ ਛੁੜਾਉਣ ਤੋਂ ਬਾਅਦ ਅਤੇ ਪਹਿਲੋਂ ਵੀ ਉਨ੍ਹਾਂ ਦੀ ਮਦਦ ਕਰਨ ਦੇ ਮਕਸਦ ਨਾਲ, ਉਨ੍ਹਾਂ ਨੂੰ ਦੋਸਤ ਸਮਝ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਇਹ ਇਸ ਲਈ ਕਿ ਸਮਾਜ ਵਿਚ ਨਸ਼ਈਆਂ ਪ੍ਰਤੀ ਇਕ ਨਫ਼ਰਤ ਵਾਲਾ ਮਾਹੌਲ ਹੈ। ਇਹ ਠੀਕ ਹੈ, ਪਰ ਨਸ਼ਈ ਪ੍ਰਤੀ ਇਹ ਰਵਈਆ ਕੋਈ ਵਧੀਆ ਸਿੱਟੇ ਨਹੀਂ ਕੱਢਦਾ, ਸਗੋਂ ਇਸ ਦਾ ਨੁਕਸਾਨ ਹੀ ਹੁੰਦਾ ਹੈ। ਉਸ ਦੀ ਇਸ ਤਰ੍ਹਾਂ ਮਦਦ ਕਰੋ ਕਿ ਉਸ ਨੂੰ ਮਹਿਸੂਸ ਹੋਵੇ ਕਿ ਤੁਸੀਂ ਉਸ ਦੀ ਮਦਦ ਕਰਨਾ ਚਾਹ ਰਹੇ ਹੋ। ਤੁਹਾਡੇ ਵਿਵਹਾਰ ਵਿਚੋਂ, ਉਨ੍ਹਾਂ ਨੂੰ ਆਪਣਾਪਣ ਝਲਕਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਸੰਗਤ ਅਜਿਹੀ ਨਾ ਹੋਵੇ ਕਿ ਉਹ ਉਨ੍ਹਾਂ ਨੂੰ ਨਸ਼ਿਆਂ ਲਈ ਪ੍ਰੋ, ਕਿਉਂਕਿ ਉਨ੍ਹਾਂ ਵਿਚ ਜਾ ਕੇ, ਬੈਠ ਕੇ ਉਸ ਨੂੰ ਦੁਬਾਰਾ ਤੋਂ ਲਲਕ ਉਠ ਸਕਦੀ ਹੈ। ਇਸ ਤਰ੍ਹਾਂ ਸ਼ਾਮ ਦੇ ਸਮੇਂ ਕੋਈ ਵਧੀਆ ਰੁਝੇਵਾਂ ਹੋਵੇ। ਉਹ ਸਮਾਂ ਕਿਸੇ ਉਸਾਰੂ ਕੰਮ ਵਿਚ ਲਗਾਇਆ ਜਾਵੇ ਤਾਂ ਨਸ਼ਾ ਛੱਡਣ ਵਿਚ ਅਸਾਨੀ ਹੁੰਦੀ ਹੈ।

ਸਾਥੀਓ! ਆਪਾਂ ਅੱਜ ਅਤੇ ਕਲ੍ਹ ਦੋ ਦਿਨਾਂ ਦੀ ਚਰਚਾ ਦਾ ਨਿਚੋੜ ਅਤੇ ਡਾਕਟਰ ਗਰਗ ਦੇ ਦੱਸੇ ਗਏ ਨੁਕਤਿਆਂ ਤੇ ਵਿਚਾਰ ਕਰੀਏ ਤਾਂ ਸਿੱਟਾ ਫਿਰ ਉਹੀ ਨਿਕਲਦਾ ਹੈ। ਜੋ ਮਦਦ, ਜੋ ਪਿਆਰ, ਜੋ ਸਾਰਥਕ ਰੁਝੇਵਾਂ ਉਸ ਨੂੰ ਅਸੀਂ ਨਸ਼ੇ ਛੁੜਾਉਣ ਵੇਲੇ ਅਤੇ ਬਾਅਦ ਵਿੱਚ ਦੇਣਾ ਹੈ, ਜੇਕਰ ਉਹ ਸਭ ਕੁਝ ਬੱਚੇ ਨੂੰ ਪਹਿਲਾਂ ਹੀ ਦੇਈਏ ਤਾਂ ਇਹ ਨੌਬਤ ਆਵੇ ਹੀ ਨਾ।

ਇਸ ਤੋਂ ਇਲਾਵਾ, ਮੈਨੂੰ ਇਹ ਤੱਥ ਤੁਹਾਡੇ ਨਾਲ ਸਾਂਝਾ ਕਰਦੇ ਹੋਏ, ਖੁਸ਼ੀ ਹੋ ਰਹੀ ਹੈ ਕਿ ਜਦੋਂ ਦਸ ਸਵਾਲਾਂ ਵਿੱਚ ਇਹ ਸਵਾਲ ਪੁੱਛਿਆ ਗਿਆ ਕਿ ਨਸ਼ੇ ਛੱਡਣੇ ਅਸਾਨ ਹਨ ਜਾਂ ਔਖੇ ਤੇ ਜੇਕਰ ਅਸਾਨ ਹਨ ਤਾਂ ਕਿਵੇਂ, ਜੇਕਰ ਨਹੀਂ ਤਾਂ ਕੀ ਕਾਰਨ ਹਨ। ਇਸ ਦੇ ਵਿਸ਼ਲੇਸ਼ਣ ਤੋਂ ਬਾਅਦ ਜੋ ਤੱਥ ਸਾਹਮਣੇ ਆਏ ਹਨ ਉਹ ਵੀ ਬਹੁਤ ਜਿਆਦਾ ਮਨੋਰੋਗਾਂ ਦੇ ਮਾਹਿਰ ਡਾਕਟਰ ਦੀ ਗੱਲਬਾਤ ਨਾਲ ਮੇਲ ਖਾਂਦੇ ਹਨ। ਮੈਨੂੰ ਖੁਸ਼ੀ ਹੋ ਰਹੀ ਹੈ ਤੇ ਮੈਂ ਇਸ ਲਈ ਵਾਰ ਵਾਰ ਜਿਕਰ ਕੀਤਾ ਹੈ ਕਿ ਇਸ ਨਾਲ ਤੁਹਾਡੀ ਸੁਚੇਤ ਸੋਚ ਦਾ ਪਤਾ ਚਲਦਾ ਹੈ।

ਨਸ਼ਾ ਛੱਡਣਾ ਅਸਾਨ ਹੈ ਦੇ ਪੱਖ ਵਿਚ ਬਹੁਤੇ ਜਵਾਬ ਸਨ ਅਤੇ ਇਸ ਬਾਰੇ ਉਨ੍ਹਾਂ ਦਾ ਮਤ ਸੀ ਕਿ ਜੇਕਰ ਸਵੈ ਭਰੋਸਾ ਅਤੇ ਮਨ ਪੱਕਾ ਹੋਵੇ (ਵਿਲ ਪਾਵਰ), ਪਿਆਰ ਅਤੇ ਪ੍ਰੇਰਣਾ ਨਾਲ, ਪਰਿਵਾਰਕ ਸਹਿਯੋਗ ਅਤੇ ਠੀਕ ਅਗਵਾਈ ਨਾਲ ਇਹ ਸਮੱਸਿਆ ਹਲ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਰੁਝੇਵੇਂ ਨਾਲ, ਖੇਡ ਅਤੇ ਸਭਿਆਚਾਰਕ ਕੰਮਾਂ ਨਾਲ, ਰੋਜਗਾਰ ਦੇਣ ਨਾਲ, ਸਮੱਸਿਆਵਾਂ ਦੇ ਹੱਲ ਨਾਲ, ਡਾਕਟਰੀ ਸਲਾਹ, ਧਾਰਮਿਕ ਲਗਾਵ ਨਾਲ ਇਸ ਨਿਸ਼ਾਨੇ ਵੱਲ ਮਦਦ ਹੋ ਸਕਦੀ ਹੈ।

ਇਸ ਤੋਂ ਉਲਟ ਵਿਚਾਰਾਂ ਵਾਲਿਆਂ ਦੀ ਰਾਏ ਸੀ ਕਿ ਨਸ਼ੇ ਛੱਡਣੇ ਮੁਸ਼ਕਿਲ ਹਨ ਕਿਉਂਕਿ ਇਹ ਹੌਲੀ ਹੌਲੀ ਸ਼ਰੀਰ ਦੀ ਲੋੜ ਬਣ ਜਾਂਦੇ ਹਨ। ਇੱਛਾ ਸ਼ਕਤੀ ਮੁਕਣੀ, ਅਵੇਸਲਾਪਨ, ਪਰਿਵਾਰਕ ਝਗੜਿਆਂ ਕਾਰਨ, ਜੇਕਰ ਕੋਈ ਛੱਡਣਾ ਹੀ ਨਾ ਚਾਹੇ, ਨਸ਼ਈਆਂ ਦੀ ਸੰਗਤ ਅਤੇ ਨਸ਼ਿਆਂ ਦਾ ਅਸਾਨੀ ਨਾਲ ਮਿਲਣਾ ਆਦਿ ਕਾਰਨ ਇਸ ਰਾਹ ਵਿਚ ਰੋੜਾ ਹਨ।


ਬੱਚੇ ਕਦੇ ਤੰਗ ਨਹੀਂ ਕਰਦੇ/ 42