ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
14 / ਭਰਥਰੀ ਹਰੀ ਜੀਵਨ

ਆਈ ਮਿਰਗਾਂ ਦੀ ਡਾਰ, ਹੀਰਾ ਮਿਰਗ ਰਾਣੀ ਨੂੰ ਹੱਸਿਆ
ਰਾਣੀ ਤੱਕਦੀ ਹਰਾਨ, ਜਾਂਦਾ ਜਾਂਦਾ ਮਿਰਗ ਓ ਬੋਲਦਾ:-

ਮ੍ਰਿਗ— ਸੁਣ ਰਾਣੀ ਮੇਰੀ ਬਾਤ, ਸੂਰਤ ਗਰਬ ਨ ਕਦੇ ਕੀਜੀਏ।
ਜੀਉਣਾ ਹੈ ਦਿਨ ਚਾਰ, ਓੜਕ ਮੇਲੇ ਰਾਣੀਏਂ ਹੋਣਗੇ
ਖ਼ਾਕ ਨਿਮਾਣੀ ਦੇ ਨਾਲ, ਪਹਿਨੇ ਜ਼ਰੀ ਬਾਦਲੇ ਕੱਪੜੇ।
ਖ਼ਾਕੂ ਜੇਡ ਨਾ ਕੋਇ, ਖ਼ਾਕ ਨਿਮਾਣੀ ਨਾ ਨਿੰਦੀਏ
ਜੀਉਂਦਿਆਂ ਸੁਖ ਦੇਇ, ਮੋਇਆ ਖਾਕ ਨੀ ਹੋਵਣਾ।
ਗਈ ਬੋਲੀ ਏ ਖਾਇ, ਬੋਲੇ ਰਾਣੀ ਮਿਰਗ ਨੂੰ, ਕੀ ਕਹੇ:-
ਰਾਣੀ— ਹੋਵੇਂ ਜੰਗਲ ਦਾ ਜੀਵ, ਗੱਲਾਂ ਕਰੇਂ ਮੇਰੇ ਤੂੰ ਸਾਮ੍ਹਣੇ।
ਖਰਚਾਂ ਲੱਖ ਓ ਹਜ਼ਾਰ, ਤੈਨੂੰ ਮਿਰਗਾ ਮੈਂ ਮਰਵਾਵਸਾਂ।
ਖਾਣਾ ਤਾਹੀਓਂ ਹਲਾਲ, ਪਹਿਲੇ ਤੱਕਾਂ ਤੈਨੂੰ ਮੈਂ ਮਾਰਿਆ।

ਮਿਰਗ— ‘ਸੁਣ ਰਾਣੀ ਮੇਰੀ ਬਾਤ, ਬੋਲੇ ਮਿਰਗ ਫੇਰ ਕੀ ਆਖਦਾ:-
ਮਾਰੇਗਾ ਭਗਵਾਨ, ਜੇ ਰੱਖਣਾ, ਰੱਖਣਾ ਓਸਨੇ।
ਜੇ ਮੇਰਾ ਹੈ ਵੇ ਕਾਲ, ਰਾਜਾ ਲਊ ਮੈਨੂੰ ਓ ਮਾਰਕੇ।
੩. ਅਗੇ ਖਲੀ ਹੈ ਵੇ ਨਾਰ, ਬਾਹਰੋਂ ਜਦੋਂ ਸੀ ਆ ਗਿਆ।
ਗੁੱਸੇ ਭਰੀ ਹੈ ਓ ਨਾਰ, ਸੂਰਤ ਦੇਖੇ ਰਾਜਾ ਓ ਭਰਥਰੀ।
ਰਾਜਾ— ਕਿਉਂ ਹੋ ਰਹੀਏਂ ਉਦਾਸ? ਬੋਲੇ ਰਾਜਾ ਰਾਣੀਏਂ! ਕੀ ਕਹੇ
ਰਾਣੀ— ਸੁਣ ਰਾਜਾ ਮੇਰੀ ਬਾਤ, ਪਕੜ ਪੱਲਾ ਰਾਜੇ ਨੂੰ ਬੋਲਦੀ:
ਗਏ ਕਲੇਜੇ ਨੂੰ ਖਾਇ, ਬੋਲ ਬੋਲੇ ਹੀਰੇ ਜੋ ਮਿਰਗ ਨੇ।
ਰੱਖੀਂ ਮੇਰੀ ਵੇ ਲਾਜ, ਮਿਰਗ ਲਿਆ ਰਾਜਿਆ ਮਾਰਕੇ।


੧. ਰਾਣੀ ਨੇ ਹੀਰੇ ਦੀਆਂ ਅੱਖਾਂ ਨੂੰ ਮਖ਼ੌਲ ਕੀਤਾ ਸੀ ਤਾਂ ਹੀਰਾ ਬੋਲਿਆ ਸੀ, ਪਰ ਇਹ ਹਿੱਸਾ ਕਿਸੇ ਤੋਂ ਲੱਝਾ ਨਹੀਂ।

੨. ਇਹ ਗੀਤ ਮੁਸਲਮਾਨਾਂ ਦੇ ਰਾਜ ਹੋਇਆਂ, ਗਾਲਬਨ ਫਰੀਦ ਤੋਂ ਮਗਰੋਂ ਰਚਿਆ ਗਿਆ ਜਾਪਦਾ ਹੈ, ਬੋਲੀ ਪੂਰਬੀ ਪੰਜਾਬੀ ਹੈ।