ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
62 / ਨੀਤੀ ਸ਼ਤਕ

             ਕਪਲਾ ਗਊ ਤਦ ਪ੍ਰਿਥਵੀ ਬਣੇਂ, ਰਾਜਾ !
             ਮਨ ਮੰਗਿਆਂ ਸੱਭ ਹਥ ਆਂਵਦਾ ਈ॥
         
੪੭. ਕਿਤੇ ਸੱਚ ਬੋਲੇ, ਕਿਤੇ ਝੂਠ ਲਾਵੇ,
         ਕਿਤੇ ਪ੍ਯਾਰ ਦੇ ਵਾਕ ਸੁਣਾਂਵਦੀ ਹੈ।
                   ਕਿਤੇ ਤਿਣਕ ਕੇ, ਕਿਤੇ ਕਠੋਰ ਵਰਤੇ,
                   ਕਿਤੇ ਹਿੰਸਾ ਹੈਂਸਿਆਰੀ ਦਿਖਾਂਵਦੀ ਹੈ।
           ਕਿਤੇ ਮਿਹਰ ਕਰਦੀ, ਕਿਤੇ ਲੋਭ ਧਾਰੇ,
           ਕਿਤੇ ਹੋ ਉਦਾਰ ਉਦਾਰ ਬਹਾਂਵਦੀ ਹੈ,
                    ਕਿਤੇ ਦੌਲਤ ਹੀ ਦੌਲਤ ਦੀ ਖੇਡ ਖੇਡੇ,
                     ਕਿਤੇ ਸਰਫੇ ਧਨ ਜਮਾ ਕਰਾਂਵਦੀ ਹੈ।
          ਜਿਵੇਂ ਵੇਸ਼ਵਾ ਰੂਪ ਵਟਾਂਵਦੀ ਹੈ।
           ਨਿਤ ਨਵੇਂ ਹੀ ਵੇਸ ਵਿਖਾਂਵਦੀ ਹੈ।
                       ਤਿਵੇਂ ਰਾਜਿਆਂ ਦੀ ਜਾਣੋਂ ਰਾਜਨੀਤੀ,
                      ਨਿੱਤ ਨਵੇਂ ਹੀ ਰੂਪ ਬਨਾਂਵਦੀ ਹੈ।

੪੮. ਮਿਲੀ ਵਿੱਦ੍ਯਾ ਜੱਸ ਨਾ ਪਿਆ ਪੱਲੇ,
        ਪਾਲਣ ਹਰਿ-ਜਨਾਂ ਦਾ ਹਥ ਆਇਆ ਨਾਂ।
            ਦਾਨ ਕਰਨ ਦੀ ਨਾਂ ਸਮਰੱਥ ਆਈ,
            ਖਾਣ ਪੀਣ ਪਹਿਨਣ ਰੱਜ ਪਾਇਆ ਨਾਂ।
       ਮਿੱਤਰ ਰੱਖਿਆ ਦਾ ਤਾਣ ਆਇਆ ਨਾਂ,
       ਛਿਆਂ ਗੁਣਾਂ ਨੇ ਰੰਗ ਜਮਾਇਆ ਨਾਂ।
              ਫੇਰ ਜਿਨ੍ਹਾਂ ਨੇ ਰਾਜੇ ਦੀ ਸੇਵ ਕੀਤੀ,
              ਫਲ ਉਨ੍ਹਾਂ ਨੂੰ ਹੱਥ ਕਿਛ ਆਇਆ ਨਾਂ।