ਐਤਕਾਂ ਫੈਸਲਾ ਜੈਮਲ ਦੀ ਪਤਨੀ ਦੇ ਹੱਕ ਵਿਚ ਹੋਇਆ, ਕਿਉਂਕਿ ਪਟਵਾਰੀ ਦੀ ਮਿਣਤੀ ਮੁਤਾਬਕ ਭੋਂ ਘਸੀਟੇ ਵਲ ਨਿਕਲਦੀ ਸੀ। ਏਸ ਫ਼ੈਸਲੇ ਨੇ ਘਸੀਟੇ ਦੀ ਅਗ ਸਗੋਂ ਭੜਕਾ ਦਿਤੀ। ਹੁਣ ਉਹ ਆਪਣੀ ਆਈ ਤੇ ਤੁਲਿਆ ਖੜੋਤਾ ਸੀ। ਉਸ ਆਪਣੇ ਪੁਤ ਨੂੰ ਵੀ ਆਖ ਦਿਤਾ ਕਿ ਹੁਣ ਬਦਲਾ ਜ਼ਰੂਰ ਲਿਆ ਜਾਵੇਗਾ ਭਾਵੇਂ ਜਿੰਦ ਵਿਕ ਜਾਵੇ।
ਕੁਝ ਦਿਨਾਂ ਮਗਰੋਂ ਦੀ ਗਲ ਹੈ। ਡੂੰਘੀਆਂ ਤਰਕਾਲਾਂ ਪੈ ਚੁਕੀਆਂ ਸਨ, ਘਸੀਟਾ ਆਪਣੀ ਪੈਲੀ ਵਿਚ ਪਿਆ ਭੌਂਦਾ ਸੀ। ਕੰਤੋਂ ਆਪਣੀ ਮੱਕੀ 'ਚੋਂ ਛੱਲੀਆਂ ਭੁੰਨ ਕੇ ਘਰ ਨੂੰ ਮੁੜ ਰਹੀ ਸੀ। ਘਸੀਟਾ ਉਹਨੂੰ ਤਕ ਕੇ ਲਾਟੋ ਲਾਟ ਹੋ ਗਿਆ। ਚਿਰਾਂ ਤੋਂ ਕੋਈ ਪੱਜ ਢੂੰਡਦਾ ਸੀ। ਵਾਹੋ ਦਾਹੀ ਕੰਤੋ ਕੋਲ ਚਲਾ ਗਿਆ:–
"ਤੂੰ ਨਿੜ ਸਾਡੀਆਂ ਛੱਲੀਆਂ ਭੁੰਨ ਲੈ ਜਾਨੀ ਏਂ।"
"ਨਹੀਂ ਮੈਂ ਆਪਣੀ ਮੌਕੀ ' ਚੋਂ ਤੋੜੀਆਂ ਨੇ" ਭੈ ਭੀਤ ਹੋਈ ਕੰਤੋ ਨੇ ਉੱਤਰ ਦਿਤਾ।
"ਏਖਾਂ— ਆਪਣੀ ਚੋਂ ਤੋੜੀਆਂ ਨੇ, ਮੈਂ ਹੁਣੇ ਤੈਨੂੰ ਆਪਣੇ ਖੇਤੋਂ ਨਿਕਲਦਿਆਂ ਤਕਿਆ ਹੈ। ਤੁਸੀਂ ਸਾਡਾ ਖੇਤ ਉਜਾੜ ਘਤਿਆ ਹੈ। ਘਸੀਟੇ ਦਾ ਅੰਦਰ ਆਵਾ ਬਣਿਆ ਹੋਇਆ ਸੀ।
"ਮੈਂ ਸਹੁੰ ਖਾ ਕੇ ਆਂਹਦੀ ਹਾਂ ਕਿ — — " ਅਜੇ ਕੰਤੋ ਪੂਰੀ ਗਲ ਵੀ ਨਹੀਂ ਸੀ ਕਰ ਸਕੀ ਕਿ ਘਸੀਟੇ ਉਹਨੂੰ ਬਾਹੋਂ ਨੱਪ ਲਿਆ ਤੇ ਝੰਜੋੜ ਕੇ ਆਖਿਆ — "ਟੁਰ ਏਧਰ ਨੂੰ।”
ਬੇ-ਬਸ ਹੋਈ ਕੰਤੋ ਨੇ ਕੋਈ ਉਜ਼ਰ ਨਾ ਕੀਤਾ। ਨਾਲ ਨਾਲ ਟੁਰ ਪਈ, ਘਸੀਟਾ ਉਹਨੂੰ ਆਪਣੇ ਖੇਤ ਦੀ ਹੱਦੋਂ ਬਾਹਰ ਲੈ ਗਿਆ।
ਦੂਰ ਪਰੇ ਸੋਹਣਾ ਘੋੜੀ ਤੇ ਚੜ੍ਹਿਆ ਸਭ ਕੁਝ ਵਿੰਹਦਾ ਸੀ, ਉਹਦਾ ਰੰਗ ਫੱਕ ਹੋ ਗਿਆ, ਸੁੱਕੀਆਂ ਤੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਾਹ ਤਿਖੇਰੇ ਆਉਣ ਲਗੇ।
ਘਸੀਟਾ ਕੰਤੋ ਨੂੰ ਇਕ ਝੁੰਡ ਉਹਲੇ ਖਲੋੜੇ ਬ੍ਰਿਛ ਕੋਲ ਲੈ ਗਿਆ।
125