ਲੋਕੀਂ ਇਨ੍ਹਾਂ ਦਾ ਐਉਂ ਕੱਠਾ ਰਹਿਣ ਉੱਠਣ ਤੱਕ ਚਿਰ ਤੋਂ ਹੈਰਾਨ ਜਿਹੇ ਹੁੰਦੇ ਸਨ। ਇਕ ਦਿਨ ਦੋ ਕੁੜੀਆਂ ਬ੍ਰਿਜ ਮੋਹਨ ਦੇ ਬਾਗ਼ ਕੋਲੋਂ ਦੀ ਲੰਘਦੀਆਂ ਜਾਂਦੀਆਂ ਕਹਿ ਰਹੀਆਂ ਸਨ:–
"ਸਾਡੇ ਘਰਾਂ ਵਿਚ ਏਨੀ ਖੁੱਲ੍ਹ ਹੋਵੇ, ਤਾਂ ਮਾਪੇ ਮਾਰ ਹੀ ਘੱਤਣ", ਇਕ ਕੁੜੀ ਨੇ ਆਖਿਆ।
"ਮੰਨ ਲਿਆ ਪ੍ਰਬੋਧ ਬਾਲਾ ਵਡਿਆਂ ਦੀ ਧੀ ਹੈ, ਪਰ ਹਰ ਵੇਲੇ ਓਪਰੇ ਮੁੰਡੇ ਨਾਲ ਭੌਣਾ ਵੀ ਤੇ ਚੰਗਾ ਨਹੀਂ ਨਾ”, ਦੂਜੀ ਨੇ ਕਿਹਾ।
"ਵੇਖਦੀ ਨਹੀਂ, ਪਿੰਡ ਵਿਚ ਇਨ੍ਹਾਂ ਬਾਰੇ ਕੀਕਰ ਘੁਸਰ ਮੁਸਰ ਛਿੜੀ ਹੋਈ ਹੈ? ਪ੍ਰਬੋਧ ਦੇ ਪਿਉ ਨੂੰ ਖੌਰੇ ਕੋਈ ਸੂਝ ਬੂਝ ਹੀ ਨਹੀਂ।
ਡਰਾਮੇ ਦੀਆਂ ਜ਼ਬਰਦਸਤ ਤਿਆਰੀਆਂ ਹੋ ਰਹੀਆਂ ਸਨ। ਰੀਹਰਸਲ ਸਮੇਂ ਨਾਇਕਾ ਨੂੰ ਕਦੇ ਨਾਇਕ ਦੀ ਝੋਲੀ ਵਿਚ ਬਹਿਣਾ ਪੈਂਦਾ, ਕਦੇ ਮੋਢੇ ਤੇ ਸਿਰ ਰਖਣਾ ਪੈਂਦਾ, ਕਦੇ ਇਕ ਦੂਜੇ ਦੇ ਹੱਥਾਂ ਨਾਲ ਪਿਆਰ ਕਰਨਾ ਪੈਂਦਾ। ਰੀਹਰਸਲ ਤੱਕਣ ਵਾਲੇ ਲੋਕੀਂ ਇਨ੍ਹਾਂ ਹਰਕਤਾਂ ਨੂੰ ਵੇਖ ਕੇ ਮੂੰਹ ਵਿਚ ਉਂਗਲਾਂ ਲੈਂਦੇ ਸਨ।
ਕਾਨਫਰੰਸ ਆ ਗਈ, ਡਰਾਮਾ ਕਾਮਯਾਬੀ ਨਾਲ ਖੇਡਿਆ ਗਿਆ, ਪਬਲਿਕ ਤੇ ਅਫ਼ਸਰ ਸਾਰੇ ਹੀ ਪ੍ਰਸੰਨ ਹੋਏ। ਬਾਬੂ ਬ੍ਰਿਜ ਮੋਹਨ ਨੂੰ ਇਨਾਮ ਦਿਤਾ ਗਿਆ।
ਪਰ ਪਿੰਡ ਵਿਚ ਕੁਝ ਹੋਰ ਹੀ ਰੰਗ ਖਿੜਿਆ ਹੋਇਆ ਸੀ। ਪ੍ਰਬੋਧ ਤੇ ਸੁਤੇਂਦਰ ਦੇ ਚਾਲਚਲਨ ਪਰ ਖੁਲ੍ਹੇ ਹਮਲੇ ਸ਼ੁਰੂ ਹੋ ਗਏ ਸਨ।
ਪ੍ਰਬੋਧ ਬਾਲਾ ਦੀ ਇਕ ਸਹੇਲੀ ਇਕ ਦਿਨ ਪ੍ਰਬੋਧ ਨੂੰ ਕੱਲਿਆਂ ਹੀ ਬਾਹਰ ਲੈ ਗਈ ਤੇ ਉਹਨੂੰ ਮਹੀਨੇ ਡੇਢ ਮਹੀਨੇ ਤੋਂ ਉਹਨਾਂ ਦੀਆਂ ਖੁਲ੍ਹਾਂ ਬਾਰੇ ਹੁੰਦੀ ਚਰਚਾ ਅਲਫ਼ ਤੋਂ ਯੇ ਤੀਕਰ ਆਖ ਸੁਣਾਈ। ਪ੍ਰਬੋਧ ਬਾਲਾ ਸੁਣਦੀ ਸੁਣਦੀ ਸੁੰਨ ਹੁੰਦੀ ਜਾ ਰਹੀ ਸੀ।
ਗਲ ਬਾਤ ਮੁੱਕੀ, ਤਾਂ ਪ੍ਰਬੋਧ ਦਾ ਮੂੰਹ ਫਿੱਕਾ ਫਿੱਕਾ ਜਾਪਦਾ ਸੀ। ਉਹ ਕੁਝ ਕੂਅ ਨਾ ਸਕੀ। ਉਸ ਦਾ ਪਿੰਡਾ ਪੱਥਰ ਵਾਂਗ ਹੋ ਗਿਆ।
136