ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਮ ਦਾ "ਓਸ ਪਾਰ" ਖਬਰੇ ਗੀਤ ਗੁੰਦਣ ਵਾਲੇ ਦਾ ਭਾਵ ਇਹ ਹੋਵੇ। ਧਰਮ ਗ੍ਰੰਥਾਂ ਵਿਚ ਪ੍ਰੇਮ ਦੇ ਉਸ ਪਾਰ ਨੂੰ 'ਮੁਕਤੀ' ਆਖਿਆ ਗਿਆ ਹੈ। ਜਿਥੇ, ਆਂਹਦੇ ਨੇ, ਜਿੰਦ ਆਜ਼ਾਦ ਹੋ ਜਾਂਦੀ ਹੈ। ਨਾ ਉਹ ਹਿਲਦੀ ਹੈ, ਨਾ ਧੜਕਦੀ ਹੈ, ਨਾ ਕੰਬਦੀ ਹੈ, ਨਾ ਸੋਚਦੀ ਹੈ, ਨਾ ਰੀਝਦੀ, ਹੈ, ਨਾ ਤਾਂਘਦੀ ਹੈ, ਨਾ ਸਿਕਦੀ ਹੈ, ਨਾ ਦੁਖ ਸੁਖ ਦੀ ਸਾਂਝੀਵਾਲ ਹੁੰਦੀ ਹੈ। ਨਾ ਉਹਦੀਆਂ ਅੱਖਾਂ ਵਿਚ ਅਥਰੂ ਹੁੰਦੇ ਹਨ ਤੇ ਨਾ ਮੁਸਕ੍ਰਾਹਟ, ਉਹ ਕੀ ਹੁੰਦੀ ਹੈ? ਇਕ ਅਹਿਸਾਸ ਹੀਣ ਜ਼ਿੰਦਗੀ ਦਾ ਢੇਲਾ।

ਏਸ “ਉਸ ਪਾਰ" ਦੇ ਤਸੱਵਰ ਨੇ ਮੈਨੂੰ ਲਰਜ਼ਾ ਕਢਿਆ। ਅਜਿਹੀ ਮੁਕਤੀ ਨਾਲੋਂ ਤੇ ਬੇ-ਮੁਕਤ ਰਹਿਣਾ ਹੀ ਚੰਗਾ ਹੈ। ਪ੍ਰੇਮ ਦਾ ਉਸ ਪਾਰ ਏਡਾ ਥੋਥਾ?

ਪਿਆਰ ਦਾ ਉਸ ਪਾਰ?

ਉਹ ਤੇ ਇਕ ਤ੍ਰਾਟ ਹੈ, ਵਿਸ਼ਵ ਨੂੰ ਅੱਖਾਂ ਖੋਲ੍ਹ ਕੇ ਤਕਣ ਵਾਲੀ ਇਕ ਜਗਮਗਾਂਦੀ ਜੋਤ ਹੈ। ਉਥੇ ਜੀਵਨ ਅਹਿਲ ਨਹੀਂ ਮੁਤਹੱਰਕ ਹੈ, ਸੁਬਕ ਹੈ, ਵਿਕਾਸ਼ ਦੀ ਸਿਖਰ ਤੇ ਝੁਲਦਾ ਹੈ।

ਸ਼ਤਰੰਜੀਆਂ ਨੇ ਡੰਡ ਪਾ ਦਿੱਤੀ - ਬਾਜ਼ੀ ਮਾਤ — ਬਾਜ਼ੀ ਮਾਤ1 ਮੇਰੀ ਸੋਚ ਦੀਆਂ ਕੁੜੀਆਂ ਇੰਜ ਖਿਲਰ ਗਈਆਂ ਜੇਕਰ ਮਾਲਾ ਦੀ ਲੜੀ ਟੁਟ ਕੇ ਮਣਕੇ ਏਧਰ ਓਧਰ ਰੁੜ੍ਹ ਜਾਂਦੇ ਹਨ।

ਗੀਤ ਮੁਕ ਚੁਕਾ ਸੀ। ਸ਼ਤਰੰਜੀਆਂ ਹੋਰ ਬਾਜ਼ੀ ਵਿਛਾ ਘੱਤੀ। ਮੈਂ ਕੰਨੀ ਖਸਕਾ ਕੇ ਉਥੋਂ ਨਿਕਲ ਆਇਆ — ਬਿਨ ਬੁਲਾਇਆ, ਬਿਨ ਪੁਛਿਆ।

ਰੇਡੀਓ ਦਾ ਗੀਤ ਸੁਣ ਕੇ ਮੇਰੇ ਅੰਦਰ ਹੋਰ ਕਈ ਉਲਝੇਵੇਂ ਪੈਦਾ ਹੋ ਗਏ ਸਨ। ਕੋਠੀਓਂ ਬਾਹਰ ਨਿਕਲ ਕੇ ਮੈਂ ਰਤਾ ਕੁ ਖਲੋ ਗਿਆ। ਬਨੇਰੇ ਤੇ ਕਈ ਕਬੂਤਰ ਬੈਠੇ ਸਨ, ਮੈਨੂੰ ਨਿਕਲਦਿਆਂ ਤਕ ਕੇ ਉਹ ਅਕਾਸ਼ ਵਲ ਉੱਡ ਗਏ। ਥੱਕੇ ਹੋਏ ਮੁਸਾਫ਼ਰ ਵਾਂਗ ਮੈਂ ਭਾਰੇ ਭਾਰੇ ਪੈਰਾਂ ਨਾਲ ਟੁਰ ਪਿਆ। ਪਰ ਜਾਵਾਂ ਕਿਥੇ?

163