ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/21

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨੂੰ ਉਹ ਮਾਛੀਆਂ ਦੀ ਅੱਖ ਬਚਾ ਕੇ ਪਾਣੀ ਵਿਚ ਵਗਾਹ ਮਾਰਦੀ ਤੇ ਕਹਿੰਦੀ:— "ਜਾਓ ਮੱਛੀਓ ਪਾਰਲੇ-ਪਾਸੇ, ਨੱਸ ਜਾਓ।"

ਮਾਹੀਗੀਰ ਉਹਦੀਆਂ ਗੁਸਤਾਖ਼ੀਆਂ ਤੋਂ ਛਿੱਥੇ ਕਦੇ ਨਹੀਂ ਸਨ ਪੈਂਦੇ, ਉਹ ਸਦਾ ਹੀ ਉਹਨੂੰ ਮਾਫ਼ ਕਰ ਛੱਡਦੇ ਸਨ।

ਪਾਰਲੇ ਪਾਸੇ ਦੀ ਦੁਨੀਆਂ ਕਿਹੋ ਜਿਹੀ ਹੈ, ਇਹ ਮਰੀਨਾਂ ਦੀ ਧੁਨ ਸੀ। ਉਹ ਕੰਢੇ ਨੇੜੇ ਦੀ ਕਿਸੇ ਉੱਚੀ ਚਟਾਨ ਉਤੇ ਚੜ੍ਹ ਜਾਂਦੀ, ਪੱਬਾਂ ਪਰਨੇ ਹੋ ਕੇ ਪਾਰਲੇ ਪਾਸੇ ਵਲ ਤਕਦੀ। ਅਥਾਹ ਪਾਣੀਆਂ ਤੋਂ ਪਰੇ ਉਹਨੂੰ ਕੰਢਾ ਬੇ-ਮਲੂਮਾ ਜਿਹਾ ਨਜ਼ਰੀਂ ਆਉਂਦਾ ਅਤੇ ਹੋਰ ਪਰੇ ਧਰਤੀ ਅਕਾਸ਼ ਦਾ ਦੁਮੇਲ— ਬਸ ਏਦੂੰ ਅਗਾਂਹ ਉਹਦੀ ਨਜ਼ਰ ਗੁਆਚ ਜਾਂਦੀ।

ਪਾਰਲੇ ਪਾਸਿਓਂ ਆਪਣੇ ਪਿਓ ਦੀ ਬੇੜੀ ਵਿਚੋਂ ਲਹਿੰਦੇ ਪੂਰ ਨੂੰ ਉਹ ਬੜੇ ਨਿੱਘ ਨਾਲ ਮਿਲਦੀ। ਮੁਸਾਫ਼ਰਾਂ ਕੋਲੋਂ ਪਾਰਲੇ ਦੇਸ ਦੇ ਹਾਲ ਪੁਛਦੀ— "ਕੀ ਉਥੇ ਚੰਨ ਹੈ, ਤਾਰੇ ਹੈਨ; ਮਨੁਖ ਤੇ ਜਨਾਨੀਆਂ— ਕਿਤੇ ਮੇਰੀ ਮਾਂ ਨੂੰ ਵੀ ਕਿਸੇ ਤੱਕਿਆ ਹੈ ਪਾਰਲੇ ਦੇਸ ਵਿਚ?"

ਬਾਜ਼ੇ ਮੁਸਾਫ਼ਰ ਉਹਦੀ ਮਸੂਮੀਅਤ ਤੇ ਹਸ ਛਡਦੇ, ਕਈ ਆਖਦੇ ਕੁੜੀ ਝੱਲੀ ਹੈ, ਕਈ ਬੁੱਢੇ ਮੱਥੇ ਘੁੱਟੀਆਂ ਪਾ ਕੇ ਕਹਿੰਦੇ— "ਉਠਦੀ ਵਰੇਸੇ ਕੁੜੀ ਦਾ ਕੀ ਮਤਲਬ ਹੈ ਮਰਦਾਂ ਨਾਲ ਖੁਲ੍ਹਣ ਦਾ" ਉਹ ਮਰੀਨਾਂ ਨੂੰ ਝਿੜਕ ਕੇ ਪਰੇ ਕਰ ਦੇਂਦੇ।

ਮਰੀਨਾਂ ਨਦੀ, ਉਤੋਂ ਉਡਦੇ ਜਨੌਰਾਂ ਤੇ ਕੁਰਲਾਂਦੀਆਂ ਕੂੰਜਾਂ ਨੂੰ ਵੇਖ ਕੇ ਅਕਾਸ਼ ਵਿਚ ਨਿਗਾਹਾਂ ਗੱਡ ਦੇਂਦੀ, "ਇਹ ਪਾਰਲੇ ਪਾਸੇ ਜਾਂਦੇ ਪੰਛੀ ਕੇਡੇ ਕਰਮਾਂ ਵਾਲੇ ਹਨ, ਇਹ ਉਸੇ ਦੇਸ਼ ਵਿਚ ਜਾਣਗੇ— ਰੱਬਾ ਕਦੇ ਮੇਰੇ ਵੀ ਖੰਭ ਹੁੰਦੇ।"

ਕੋਈ ਉਹਨੂੰ ਪਾਰਲੇ ਦੇਸ ਦੀ ਖ਼ਬਰ ਨਹੀਂ ਸੀ ਦੇਂਦਾ। ਜਦ ਉਹ ਬੇੜੀ ਦੇ ਬਾਦਬਾਨਾਂ ਨੂੰ ਪੌਣ ਨਾਲ ਭਰੇ ਹੋਏ ਤਕਦੀ ਤਾਂ ਉਹਦੇ ਡੌਲੇ ਫ਼ਰਕ ਉਠਦੇ। ਝਟ ਆਪਣੇ ਅੱਬਾ ਨੂੰ ਆਖਦੀ:—

"ਅੰਬਾ ਅਜ ਮੈਨੂੰ ਬੇੜੀ ਠਿਲ੍ਹਣ ਦੇਹ— ਮੈਂ ਪਾਰ ਜਾਣਾ ਹੈ—