ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/63

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਏਥੇ ਲੈ ਆਈ। ਪਰ ਮੈਨੂੰ ਛੇਤੀ ਲੁਕਾ ਲਵੋ" ਨੌਜੁਆਨ ਦੇ ਬੋਲਾਂ ਵਿਚ ਘਬਰਾਹਟ ਸੀ, "ਪੁਲਿਸ ਮੇਰੀ ਸੂਹ ਵਿਚ ਹੈ — ਠਹਿਰਾ ਸਕੋਗੇ?"

"ਇਹ ਵੀ ਕੋਈ ਜਲਾਵਤਨ ਹੀ ਹੋਵੇਗਾ— ਨਿਕਰਮਣ" ਸਾਗਰ ਨੇ ਮਨ ਹੀ ਮਨ ਵਿਚ ਆਖਿਆ ਤੇ ਫੇਰ ਟਿਕਵੀਂ ਦ੍ਰਿਸ਼ਟੀ ਨਾਲ ਨੌਜੁਆਨ ਵਲ ਤਕਿਆ।

"ਮੇਰਾ ਦਰ ਖੁਲ੍ਹਾ ਹੈ, ਬਹਿ ਜਾ ਅੰਦਰ ਹੋ ਕੇ— ਪ੍ਰੀਨਾਂ ਹੁਣੇ ਖਾਣਾ ਤਿਆਰ ਕਰੇਗੀ, ਤੂੰ ਭੁਖਾ ਹੋਵੇਂਗਾ— ਹੈਂ ਨਾ— ਪਰ ਤੇਰਾ ਨਾਓਂ ਕੀ ਏ ਮੁੰਡਿਆ?" ਲਗਦੇ ਹੱਥ ਹੀ ਉਹ ਅੰਦਰ ਨੂੰ ਚਲ ਪਏ।

"ਮੇਰਾ ਨਾਓਂ— ਨਾਓਂ ਮੇਰਾ— ਹਾਂ ਜੇਲ੍ਹ ਵਿਚ ਮੈਨੂੰ 'ਹਿੰਦੀ' ਸਦਿਆ ਕਰਦੇ ਸਨ—" ਇਹ ਸੁਣ ਕੇ ਬੁੱਢੇ ਸਾਗਰ ਨੇ ਸਮੁੰਦਰ ਦੇ ਨੀਲੇ ਪਾਣੀਆਂ ਵਿਚ ਦੂਰ ਤਕ ਇਕ ਤੱਕਣੀ ਸੁੱਟੀ।

ਝੁਗੀ ਵਿਚ ਕਈ ਖ਼ਾਨੇ ਬਣੇ ਹੋਏ ਸਨ। ਉਤੇ ਵੇਲਾਂ ਫੁੱਲਾਂ ਨਾਲ ਲਦੀਆਂ ਵਿਛੀਆਂ ਪਈਆਂ ਸਨ। ਬਾਹਰਵਾਰ ਨਾਲ ਲਗਵੀਂ ਰਸੋਈ ਵਿਚੋਂ ਧੂੰ ਪਿਆ ਨਿਕਲਦਾ ਸੀ। ਪ੍ਰੀਨਾਂ ਰੋਟੀ ਦੇ ਆਹਰ ਵਿਚ ਜੁਟੀ ਹੋਈ ਸੀ। ਬੁਢੇ ਸਾਗਰ ਨੇ ਝੁਗੀ ਦੇ ਛੇਕੜਲੇ ਭਾਗ ਵਲ ਇਸ਼ਾਰਾ ਕਰ ਕੇ ਆਖਿਆ— "ਤੂੰ ਓਥੇ ਚਲਾ ਜਾ— ਓਥੇ ਕੋਈ ਨਹੀਂ ਵੇਖ ਸਕੇਗਾ।"

"ਚੋਖਾ ਨ੍ਹੇਰਾ ਹੋ ਚੁਕਾ ਸੀ। ਸਮੁੰਦਰ ਦੇ ਰੌਲੇ ਨਾਲ ਸਾਰੀ ਫ਼ਿਜ਼ਾ ਪਈ ਗੂੰਜਦੀ ਸੀ। ਅਕਾਸ਼ ਨਿੰਮਲ ਹੋ ਗਿਆ ਸੀ। ਭਿੰਨੀ ਰੈਣ ਵਿਚ ਤਾਰਿਆਂ ਦੀਆਂ ਕ੍ਰਿਨਾਂ ਤਾਣੀ ਵਾਂਗ ਵਿਛੀਆਂ ਜਾਪਦੀਆਂ ਸਨ। ਓਹ ਤ੍ਰੈਵੇ ਖਾਣੇ ਤੋਂ ਬਹਿ ਗਏ। ਭਾਂਡਿਆਂ ਵਿਚ ਪਈਆਂ ਗਰਮ ਭਾਜੀਆਂ ਤੇ ਮੱਛੀ ਵਿਚੋਂ ਭਾਫ ਨਾਲ ਇਕ ਵਿਸ਼ੇਸ਼ ਪਰਕਾਰ ਦੀ ਸੁਗੰਧੀ ਝੁਗੀ ਵਿਚ ਫੈਲੀ ਹੋਈ ਸੀ।

"ਤੂੰ ਕੀਕਰ ਆਇਆ ਸੈਂ ਇਸ ਟਾਪੂ ਵਿਚ?" ਸਾਗਰ ਨੇ ਗ੍ਰਾਹੀ ਤੋੜਦਿਆਂ ਨੌਜੁਆਨ ਤੋਂ ਪੁਛਿਆ।

"ਗ਼ੁਲਾਮੀ ਤੋਂ ਛਿੱਥਿਆਂ ਪੈ ਕੇ ਅਸੀਂ ਆਜ਼ਾਦੀ ਦੀ ਮੰਗ ਕੀਤੀ।

੪੭