ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸ ਕੁੜੀਆਂ ਦੇ ਨੇੜੇ ਆ ਕੇ ਬੰਸਰੀ ਬੁਲ੍ਹਾਂ ਤੋਂ ਹਟਾ ਲਈ। ਲਯ ਦਾ ਜਾਦੂ ਟੁਟਾ। ਖੇਮੀ ਨੇ ਮੁੜ ਕੇ ਤਕਿਆ, ਤਾਂ ਉਹਦਾ ਘੜਾ ਰਬ ਜਾਣੇ ਕਿਹੜੇ ਵੇਲੇ ਹੱਥੋਂ ਛੂਟ ਕੇ ਕੁਝ ਕੁ ਦੂਰ ਪਾਣੀ ਉਤੇ ਤਰ ਰਿਹਾ ਸੀ।

"ਮੇਰਾ ਘੜਾ ?" ਖੇਮੀ ਜੀਕਰ ਸੁਫ਼ਨਿਓਂ ਜਾਗੀ ਹੁੰਦੀ ਏ। ਉਹਨੂੰ ਤਕ ਕੇ ਬਾਕੀ ਦੀਆਂ ਹੱਸ ਪਈਆਂ।

ਮਿਹਰੂ ਨੇ ਇਕ ਸਰਸਰੀ ਜਿਹੀ ਨਿਗਾਹ ਨਾਲ ਖੇਮੀ ਵਲ ਤਕਿਆ ਫੇਰ ਬਕਰੀਆਂ ਨੂੰ ਟਚਕਾਰਦਿਆਂ ਦੋ ਅਲਾਂਘਾਂ ਓਸ ਹੋਰ ਭਰੀਆਂ, ਏਨੇ ਨੂੰ ਇਕ ਕੁੜੀ ਨੇ ਸੁਥਣ ਗੋਡਿਆਂ ਤੀਕ ਚੜ੍ਹਾ ਕੇ ਕਾਹਲੀ ਨਾਲ ਖੇਮੀ ਦਾ ਘੜਾ ਫੜ ਲਿਆ।

"ਵਡਾ ਕਾਨ੍ਹ ਬੰਸਰੀ ਵਾਲਾ - ਮੈਂ ਘੜਾ ਹੀ ਗੁਆ ਬੈਠੀ ਸਾਂ।" ਖੇਮੀ ਨੇ ਮੂੰਹ ਬਣਾ ਕੇ ਕੁੜੀਆਂ ਵਿਚ ਹੀ ਆਖਿਆ। ਮਿਹਰੂ ਏਧਰ ਪਿਠ ਕਰੀਂ ਖਲੋਤਾ ਸੀ। ਓਹਦੇ ਕੰਨੀਂ ਇਹ ਵਾਜ ਜਾ ਪਈ। ਓਸ ਭੌਂ ਕੇ ਤੱਕਿਆ। ਸੂਰਜ ਦੀਆਂ ਅਲੋਪ ਹੁੰਦੀਆਂ ਕ੍ਰਿਣਾਂ ਓਹਦੇ ਗਲ ਪਈਆਂ ਤਵੀਤੀਆਂ ਤੇ ਚਮਕ ਰਹੀਆਂ ਸਨ। ਖੇਮੀ ਨੇ ਲੱਜਿਆ ਨਾਲ ਅਖੀਆਂ ਨੀਵੀਂਆਂ ਪਾ ਲਈਆਂ। ਘੜੇ ਸਾਰੀਆਂ ਨੇ ਭਰ ਲਏ ਹੋਏ ਸਨ। ਇਕ ਨੇ ਦੂਜੀ ਤੇ ਦੂਜੀ ਨੇ ਤੀਜੀ ਦੇ ਸਿਰਾਂ ਤੇ ਧਰਾ ਦਿੱਤੇ। ਪਰ ਛੇਕੜ ਖੇਮੀ ਰਹਿ ਗਈ। ਓਹਦਾ ਘੜਾ ਕੌਣ ਚੁਕਾਏ।

"ਓਸ ਮੁੰਡੇ ਕੋਲੋਂ ਚੁਕਾ ਲੈ" ਇਕ ਨੇ ਆਖਿਆ।

"ਚਲ ਨੀ ਚਲ ਮੁੰਡੇ ਕੋਲੋਂ ਚੁਕਾ ਲੈ" ਖੇਮੀ ਨਹੋਰੇ ਨਾਲ ਬੋਲੀ।

"ਵੇ ਤੇਰਾ ਨਾਂ ਕੀ ਏ ਮੁੰਡਿਆ ?" ਕਿਸੇ ਵਿਚੋਂ ਹੀ ਪੁੱਛਿਆ।

"ਜੀ ਮਿਹਰੂ"

"ਮਿਹਰੂ ਏਸ ਕੁੜੀ ਦੇ ਘੜੇ ਨੂੰ ਹੱਥ ਤੇ ਪੁਆਈਂ - ਸਾਡੇ ਸਾਰੀਆਂ ਦੇ ਸਿਰਾਂ ਤੇ ਘੜੇ ਨੇ"

"ਮਿਹਰੂ ਝਕਦਾ ਝਕਦਾ ਅਗਾਂਹ ਵਧਿਆ। ਖੇਮੀ ਚੁਪ ਖਲੋੜੀ ਹੋਈ ਸੀ,ਮਿਹਰੂ ਨੇ ਕੋਲ ਜਾਕੇ ਬਾਹਾਂ ਘੜੇ ਵਲ ਝੁਕਾਈਆਂ – ਤੇ ਖੇਮੀ ਨੇ ਵੀ।

੭੯