ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੬

ਭੂਦਾਨ ਚੜ੍ਹਦੀ ਕਲਾ 'ਚ

ਇਕ ਪਰਕਾਰ ਨਾਲ ਅਤਿਅੰਤ ਦੁਖਾਂਤ ਨਾਟਕ ਜਿਹਾ ਨਜ਼ਰ ਆਉਣ ਲਗ ਪੈਂਦਾ ਹੈ। ਉਹਨਾਂ ਦੀ ਤਪਸਿਆ ਨਾਲ ਸਾਨੂੰ ਸਵਰਾਜ ਤਾਂ ਮਿਲਿਆ, ਪਰ ਉਸ ਦੇ ਵਿਚ ਬਾਪੂ ਦੀ ਕਲਪਨਾ ਦਾ ਸਵਰਾਜ ਨਜ਼ਰੀਂ ਨਹੀਂ ਪਿਆ। ਉਸ ਦੇ ਉਪਰ ਖੂਨ ਦੇ ਦਾਗ ਸਨ, ਅਵਿਸ਼ਵਾਸ਼ ਦੀ ਕਾਲਖ ਸੀ ਅਤੇ ਅਸਮਾਨਤਾ ਦਾ ਕਲੰਕ ਸੀ।

ਬਾਪੂ ਦੇ ਸਾਥੀਆਂ ਦੀ ਹਾਲਤ ਵੀ ਉਸ ਸਮੇਂ ਕੁਝ ਅਜੀਬ ਜਿਹੀ ਸੀ। ਉਹਨਾਂ ਦੇ ਕੁਝ ਬਹੁਤ ਨਿਕਟ ਵਰਤੀ ਸਾਥੀ ਤਾਕਤ ਦੀ ਵਾਗ ਡੋਰ ਸੰਭਾਲਣ ਵੱਲ ਮੁੜੇ, ਪਰ ਉਹਨਾਂ ਦੀ ਪੂਰੀ ਸ਼ਕਤੀ ਦੇਸ਼ ਦੇ ਸਾਹਮਣੇ ਖੜੀਆਂ ਵੱਡੀਆਂ ਸਮਸਿਆਵਾਂ ਨੂੰ ਕਿਸੇ ਕਦਰ ਥਪ ਕੇ ਰਖਣ ਵਿਚ ਹੀ ਖਤਮ ਹੋਣ ਲਗੀ। ਗਾਂਧੀ ਜੀ ਵਾਂਗ ਸਮਸਿਆਵਾਂ ਨੂੰ ਸੁਲਝਾਉਣ ਲਈ ਉਹਨਾਂ ਦੇ ਕੋਲ ਕੋਈ ਨਵਾਂ ਅਹਿੰਸਕ, ਮਾਰਗ, ਨਹੀਂ ਸੀ। ਉਸ ਲਈ ਉਨਾਂ ਨੇ ਉਨਾਂ ਹੀ ਪੁਰਾਣੇ ਤਰੀਕਿਆਂ-ਲਾਠੀ, ਜੇਹਲ, ਗੋਲੀ ਦੀ ਵਰਤੋਂ ਕੀਤੀ ਜੋ ਕਿ ਅੰਗਰੇਜ਼ੀ ਸਰਕਾਰ ਉਨ੍ਹਾਂ ਦੇ ਖਿਲਾਫ ਕਰਦੀ ਆਈ ਸੀ।

ਗਾਂਧੀ ਜੀ ਦੇ ਖਿਆਲਾਂ ਦੇ ਕੁਝ ਲੋਕ ਆਪਣੇ ਸਰਕਾਰੀ ਸਾਥੀਆਂ ਦੀ ਨੁਕਤਾਚੀਨੀ ਕਰਨ ਲਗੇ ਸਨ ਅਤੇ ਏਸੇ ਚੀਜ਼ ਦੇ ਸੁਫਨੇ ਵੇਖਦੇ ਰਹਿੰਦੇ ਸਨ ਕਿ ਸਰਕਾਰ ਵਿਚ ਅਸੀਂ ਹੁੰਦੇ ਤਾਂ ਕੀ ਕਰਦੇ? ਪਰ ਉਨ੍ਹਾਂ ਦੇ ਕੋਲ ਵੀ ਜਨਤਾ ਦੇ ਲਈ ਜ਼ਿਆਦਾ ਪੁਰਸ਼ਾਰਥ ਦੀ ਪ੍ਰੇਰਨਾ ਦੇਣ ਵਾਲਾ ਕੋਈ ਕੰਮ ਨਹੀਂ ਸੀ। ਗਾਂਧੀ ਜੀ ਦੇ ਉਹ ਸੇਵਕ, ਜਿਹੜੇ ਆਪਨੇ ਆਪ ਨੂੰ ਰਚਨਾਤਮਕ ਕਰਮਚਾਰੀ ਕਹਿੰਦੇ ਹਨ ਆਪੋ ਆਪਣੀ ਸੰਸਥਾ ਖੋਲੀ ਬੈਠੇ ਸਨ, ਉਨ੍ਹਾਂ ਵਿਚੋਂ ਕੁਝ ਨੂੰ ਆਪਣੇ ਮੌਜੂਦਾ ਕੰਮ ਵਿਚ। ਅਸੰਤੋਸ਼ ਸੀ, ਪਰ ਉਨ੍ਹਾਂ ਨੂੰ ਅਗੇ ਦਾ ਮਾਰਗ ਸੁਝ ਨਹੀਂ ਰਿਹਾ ਸੀ। ਕੁਝ ਰਚਨਾਤਮਕ ਕਰਮਚਾਰੀਆਂ ਨੂੰ ਆਪਣੇ ਕੰਮ ਵਿਚ ਸੰਤੋਸ਼ ਵੀ ਸੀ, ਪਰ ਉਸ ਦੇ ਨਾਲ ਦੇਸ਼ ਦੀ ਤਾਕਤ ਵਧਦੀ ਹੋਈ ਨਜ਼ਰ ਨਹੀਂ ਆਉਂਦੀ ਸੀ।