ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦੋਲਨ ਦਾ ਸਿਲਸਿਲੇਵਾਰ ਵਿਕਾਸ

੫੫

ਵਿਚ ਪਹੁੰਚ ਜਾਂਦੇ ਸਨ, ਨਾ ਘਰ ਜਾਣ ਦੀ ਗੱਲ ਉਨਾਂ ਨੂੰ ਸੁਝਦੀ ਸੀ, ਨਾ ਆਰਾਮ ਕਰਨ ਦੀ। ਗੱਲ ਕੀ ਉਥੋਂ ਦੇ ਆਦੀ ਵਾਸੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਆਪਣੀ ਸ਼ਰਧਾ ਇਸ ਯੁੱਗ ਵਿਚ ਪਰਗਟ ਕੀਤੀ, ਵਿਨੋਬਾ ਨੂੰ ਉਤਕਲ ਛਡਣ ਤੋਂ ਪਹਿਲਾਂ ਹੀ ਕੋਰਾਪੂਟ ਵਿਚ ਛੇ ਸੌ ਗਰਾਮਦਾਨ ਮਿਲ ਚੁੱਕੇ ਸਨ।*[1]

ਵਿਨੋਬਾ ਨੇ ਬਿਹਾਰ ਤੋਂ ਇਕ ਪੱਤਰ ਵਿਚ ਲਿਖਿਆ ਸੀ-ਬਿਹਾਰ ਵਿਚ ਪੂਰਨ ਭੂਮੀ ਦਾਨ-ਉੜੀਸਾ ਵਿਚ ਭੂਮੀ ਕਰਾਂਤੀ ਅਤੇ ਉਹਦੇ ਬਾਅਦ ਮੁਕਤ ਵਿਚਾਰ। ਆਂਧਰਾ ਤੋਂ ਵਿਨੋਬਾ ਦਾ ਮੁਕਤ ਵਿਚਾਰ ਸ਼ੁਰੂ ਹੋਇਆ। ਆਂਧਰਾ ਵਿਨੋਬਾ ਨੇ ਇਸ ਲਈ ਚੁਣਿਆ ਸੀ ਕਿਉਂਕਿ ਉਥੇ ਪਹਿਲਾਂ ਕੋਈ ਖਾਸ ਕੰਮ ਨਹੀਂ ਹੋਇਆ ਸੀ। ਢਾਈ ਮਹੀਨੇ ਬਾਅਦ ਜਦੋਂ ਉਨ੍ਹਾਂ ਨੇ ਹੈਦਰਾਬਾਦ ਰਾਜ ਵਿਚ ਪਰਵੇਸ਼ ਕੀਤਾ, ਤਦ ਤਕ ਆਂਧਰਾਂ ਵਿਚ ਭੂਦਾਨ ਦੇ ਅਨਕੂਲ ਹਵਾ ਬਣ ਗਈ ਸੀ।

ਹੈਦਰਾਬਾਦ ਦੀ ਯਾਤਰਾ ਵਿਚ ਮਹਿਬੂਬ ਨਗਰ ਦੇ ਜ਼ਿਲੇ ਵਿਚ ਕਾਫੀ ਉਤਸ਼ਾਹ ਪ੍ਰਗਟ ਹੋਇਆ। ਵਿਨੋਬਾ ਨੂੰ ਉਮੀਦ ਹੈ ਕਿ ਉਸ ਜ਼ਿਲੇ ਵਿਚ ਪੂਰੀ ਜ਼ਮੀਨ ਦਾ ਛੇਵਾਂ ਹਿੱਸਾ ਭੂਦਾਨ ਵਿਚ ਮਿਲ ਸਕੇਗਾ।

੩੦ ਜਨਵਰੀ, ੧੯੫੬ ਦੇ ਦਿਨ ਵਿਨੋਬਾ ਪੋਚਮਪਲੀ ਵਿਚ ਫਿਰ ਆਏ। ਭੂਦਾਨ ਦੀ ਉਹ ਗੰਗੋਤਰੀ ਅਤੇ ਬਾਪੂ ਦਾ ਉਹ ਨਿਰਵਾਣ ਦਿਨ! ਉਸ ਦਿਨ ਵਡੀ ਸਭਾ ਵਿਚ ਵਿਨੋਬਾ ਨੇ ਆਪਣਾ ਹਿਰਦਾ ਨਚੋੜਿਆ। ਰਾਜ ਪੁਨਰਗਠਨ ਦੇ ਸਵਾਲ ਨੂੰ ਲੈਕੇ ਦੇਸ਼ ਵਿਚ ਜਿਹੜੀ ਹਿੰਸਾ ਹੋਈ ਸੀ, ਉਸ ਨਾਲ ਵਿਨੋਬਾ ਦੁਖੀ ਸਨ। ਉਨ੍ਹਾਂ ਨੇ ਕਿਹਾ, "ਇਹ ਮੇਰੀ ਹਾਰ ਹੈ। ਅੰਤ੍ਰਰਾਸ਼ਟਰੀ ਨੀਤੀ ਵਿਚ ਸ਼ਾਂਤੀ ਨੂੰ ਮੁੱਖ ਰਖਣ ਵਾਲੇ ਜਵਾਹਰ ਲਾਲ ਜੀ ਦੀ ਹਾਰ ਹੈ।" ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਅਹਿੰਸਾ ਨਾਲ ਹਲ ਖੋਜਣ ਵਲ ਉਨ੍ਹਾਂ ਨੇ ਇਕ ਵੇਰਾਂ ਫਿਰ ਦੇਸ਼ ਦਾ ਧਿਆਨ ਖਿਚਿਆ।


  1. *ਕੋਰਾਪੂਟ ਦੇ ਬਾਰੇ ਵਿਚ ਵਧੇਰੇ ਜਾਣਕਾਰੀ ਦੇ ਲਈ ਵੇਖੋ: ਭੂਮੀ ਕ੍ਰਾਂਤੀ ਦਾ ਤੀਰਥ: ਕੋਰਾਪੂਟ--ਲੇਖਕ, ਸ੍ਰੀ ਕ੍ਰਿਸ਼ਨਦਭ ਭੱਟ।