ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੈਚਾਰਿਕ ਭੂਮਿਕਾ-੧

੬੧

ਕਰ ਕੇ ਜ਼ਮੀਨ ਉੱਤੇ ਬੋਝ ਵਧ ਰਿਹਾ ਹੈ, ਉਥੇ ਦੂਜੇ ਬੰਨੇ ਕਈ ਇਕ ਧੰਦਿਆਂ ਨਾਲ ਬੇਕਾਰ ਹੋਏ ਲੋਕਾਂ ਦਾ ਬੋਝ ਵੀ ਵਧਦਾ ਜਾ ਰਿਹਾ ਹੈ। ਕਿਉਂਕਿ ਸਾਡੇ ਦੇਸ਼ ਵਿਚ ਲੋਕਾਂ ਲਈ ਖੇਤੀ ਬਾੜੀ ਦਾ ਧੰਦਾ ਇਕ ਪਰਕਾਰ ਦਾ ਸਭ ਨਾਲੋਂ ਸਰਲ ਹੈ, ਇਸ ਲਈ ਜਿਸ ਦਾ ਧੰਦਾ ਛੁਟਿਆ, ਉਹੋ ਹੀ ਜ਼ਮੀਨ ਤੇ ਮਜ਼ਦੂਰੀ ਕਰਨ ਦੀ ਫਿਕਰ ਕਰਦਾ ਹੈ। ਇਸ ਪਰਕਾਰ ਜਿਸ ਨੂੰ ਕੰਮ ਚਾਹੀਦਾ ਹੋਵੇ ਉਸ ਨੂੰ ਕੰਮ ਨਾ ਮਿਲਣ ਦੇ ਕਾਰਨ ਧਰਤੀ ਮਾਂ ਦਾ ਪਹਿਲਾ ਘਾਟਾ ਸਾਡੀ ਗਰਾਮ ਲਖਸ਼ਮੀ ਦਾ ਘਾਟਾ ਹੁੰਦਾ ਹੈ।

ਦੂਜਾ ਘਾਟਾ ਉਹਦੇ ਨਾਲੋਂ ਕੁਝ ਸੂਖਮ ਹੈ। ਉਹ ਹੈ ਵਿਦਿਆ ਦੇਵੀ ਦਾ। ਸਾਡੀ ਵਿਦਿਆ ਅਜ ਸ਼ਹਿਰੀ ਬਣੀ ਹੈ। ਜਿਸ ਭਾਰਤ ਦੇ ਰਾਮ ਕ੍ਰਿਸ਼ਨ ਆਦਿ ਰਾਜਬੰਸੀ ਬਾਲਕਾਂ ਨੂੰ ਸ਼ਹਿਰ ਛਡ ਕੇ ਜੰਗਲਾਂ ਜਾਂ ਪਿੰਡਾਂ ਵਿਚ ਜੀਵਨ ਦੀ ਅਮਲੀ ਸਿਖਿਆ ਲੈਣ ਲਈ ਜਾਣਾ ਪੈਂਦਾ ਸੀ, ਉਸੇ ਭਾਰਤ ਭੂਮੀ ਦੇ ਪਿੰਡਾਂ ਵਿਚ ਸਿਖਿਆ ਅਜ ਨਾਂ-ਮਾਤਰ ਹੀ ਰਹਿ ਗਈ ਹੈ। ਪਿੰਡਾਂ ਵਿਚ ਜਿਹੜੇ ਸਿਆਣੇ ਵਿਦਿਆਰਥੀ ਹੁੰਦੇ ਹਨ, ਉਹਨਾਂ ਦਾ ਜਾਂ ਤਾਂ ਵਿਕਾਸ ਹੀ ਰੁਕ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ। ਵਿਸ਼ਵ ਵਿਦਿਆਲਿਆਂ ਦੀ ਸਥਿਤੀ ਦਾ ਮਧਿਅਨ ਕਰਨ ਲਈ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੀ ਅਧਿਅਕਸ਼ਤਾ ਦੇ ਅਧੀਨ ਜਿਹੜਾ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ, ਉਹਦੀ ਰੀਪੋਰਟ ਦੇ ਉਸ ਭਾਗ ਵਿਚ ਜਿਸ ਦੇ ਵਿਚ ਕਿ ਪਿੰਡਾਂ ਦੇ ਸਕੂਲਾਂ ਵਿਚ ਵਿਦਿਆ ਆਦਿ ਦਾ ਜ਼ਿਕਰ ਹੈ, ਇਸ ਗੱਲ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉਸ ਦੇ ਵਿਚ ਅਮਰੀਕਨ ਵਿਦਿਅਕ ਮਾਹਰ ਡਾ: ਮਾਰਗਨ ਨੇ ਦਸਿਆ ਹੈ ਕਿ ਇਤਿਹਾਸ ਦੀ ਇਹ ਸਿਖਿਆ ਹੈ ਕਿ ਜਿਹੜਾ ਦੇਸ਼ ਆਪਣੀ ਗਰਾਮ ਸਿਖਿਆ ਅਤੇ ਗਰਾਮ-ਸੰਸਕ੍ਰਿਤੀ ਦੀ ਚਿੰਤਾ ਨਹੀਂ ਕਰਦਾ, ਉਹਦੀ ਸੰਸਕ੍ਰਿਤੀ ਕੁਝ ਪੀੜ੍ਹੀਆਂ ਵਿਚ ਖਤਮ ਹੋ ਜਾਂਦੀ ਹੈ। ਇਧਰ ਸਾਡੀ ਸਾਰੀ ਸਿਖਿਆ ਹੀ ਮਾਨੋ ਪਿੰਡਾਂ ਤੋਂ ਬੇਮੁਖ ਹੋ ਗਈ ਹੈ।