ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/48

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮਨਹਟਨ ਵਿਚੋਂ ਲੰਘਦਿਆਂ
ਹਰਵਿੰਦਰ ਰਿਆੜ ਦੇ ਨਾਂ

ਆਰ ਸਮੁੰਦਰ ਪਾਰ ਸਮੁੰਦਰ,
ਕੰਕਰੀਟ ਦੀ ਨਕਲੀ ਕੰਦਰ,
ਵਿਚੋਂ ਦੀ ਇਕ ਲਾਂਘਾ ਲੰਘੇ।
ਅੰਬਰ ਚੁੰਮਦੇ ਦੋਹੀਂ ਪਾਸੀਂ ਭਵਨ ਖੜ੍ਹੇ ਨੇ।
ਲੰਮ ਸਲੰਮੀਆਂ ਸੜਕਾਂ ਕੰਢੇ।

ਕਮਰੇ ਅੰਦਰ ਕਮਰੇ,
ਅੱਗੇ ਫਿਰ ਕਮਰੇ ਨੇ।
ਖਿੜੀਆਂ ਬੂਹੇ ਬੰਦ ਪਏ ਨੇ।
ਠੰਢੀ ਪੌਣ ਹਵਾ ਦਾ ਬੁੱਲਾ,
ਏਸ ਨਗਰ ਵਿਚ ਰਹਿੰਦਿਆਂ ਭੁੱਲਾ।

ਚੌੰਕਾਂ ਦੇ ਵਿਚ ਕੌਣ ਖੜ੍ਹੇ ਨੇ।
ਬਿਰਖ ਨਿਪੱਤਰੇ,
ਔਤ ਨਿਖਤਰੇ।
ਫਾਈਬਰ ਦੇ ਤਣਿਆਂ ਤੇ ਬਿਜਲੀ ਲਾਟੂ ਜਗਦੇ।
ਕਿਸੇ ਜਗਾਇਆ ਜਗ ਪੈਂਦੇ ਨੇ।
ਕਿਸੇ ਬੁਝਾਇਆਂ ਬੁਝ ਜਾਂਦੇ ਨੇ।
ਇਨ੍ਹਾਂ ਪੋਲੇ ਪੱਤਰ ਵੀ ਛਾਂ ਹੀਣ ਜਹੇ ਨੇ।

ਵਾਹੋਦਾਹੀ ਭੱਜੇ ਫਿਰਦੇ।
ਸਾਰੇ ਇਕ ਦੂਜੇ ਤੋਂ ਅੱਗੇ ਲੰਘਣ ਵਾਲੇ।
ਪੈਰਾਂ ਦੇ ਵਿਚ ਭਟਕਣ,
ਮਨ ਮਸਤਕ ਵਿਚ ਜਾਲੇ।
ਧੂਆਂ ਧਾਰ ਟੈਕਸੀਆਂ ਭੱਜਣ,
ਸਾਰੇ ਲੋਕਾਂ ਕਿੱਧਰ ਚੱਲੇ?

ਮਨ ਤੰਦੂਰ/ 48