ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/49

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬੰਦ ਕਾਰਾਂ ਵਿਚ ਫਿਰਨ ਮੁਸਾਫ਼ਰ।
ਜੀਕੂੰ ਕੈਦੀ ਜੇਲ੍ਹ ਬਦਲੀਆਂ ਵੇਲੇ ਜਾਵਣ।
ਧੁੱਪਾਂ ਛਾਵਾਂ ਤੋਂ ਬੇਖ਼ਬਰੇ,
ਏਦਾਂ ਹੀ ਪੈ ਜਾਵਣ ਕਬਰੇ।

ਕੰਕਰੀਟ ਦਾ ਜੰਗਲ ਚੌਵੀ ਘੰਟੇ ਜਾਗੇ।
ਦਿਨ ਤੇ ਰਾਤ ਕਦੇ ਨਹੀਂ ਸੌਂਦਾ।
ਚੌਵੀ ਘੰਟੇ ਘੁੰਮਦਾ ਪਹੀਆ ਪੈਂਡੇ ਗਾਹੁੰਦਾ।

ਫਿਰ ਵੀ ਏਥੇ ਮੇਰਾ ਇਕ ਦਰਿਆ ਰਹਿੰਦਾ ਹੈ।
ਨੰਗੀ ਅੱਖ ਨੂੰ ਦਿਸਦਾ ਨਹੀਂ, ਅੱਜ ਵੀ ਵਹਿੰਦਾ ਹੈ।
ਇਸ ਦਰਿਆ ਦੇ ਪਾਣੀ ਅੰਦਰ
ਪਾਣੀ ਅੰਦਰ ਖੁਰ ਗਈ ਦਰਦ-ਕਹਾਣੀ ਅੰਦਰ
ਵੱਸਦੈ ਇਕ ਮਾਸੂਮ ਪਰਿੰਦਾ।
ਉੱਡਣਾ ਪੁੱਡਣਾ, ਕਦੇ ਕਿਸੇ ਨਾ ਡਾਹੀ ਦੇਵੇ।
ਰੂਹ ਦੇ ਹਾਣੀ ਨੂੰ ਹੀ ਸਿਰਫ਼ ਵਿਖਾਈ ਦਿੰਦਾ।

ਆਰ ਸਮੁੰਦਰ ਪਾਰ ਸਮੁੰਦਰ,
ਕੰਕਰੀਟ ਦੀ ਨਕਲੀ ਕੰਦਰ,
ਵਿਚੋਂ ਦੀ ਇਕ ਲਾਂਘਾ ਲੰਘੇ।
ਅੰਬਰ ਚੁੰਮਦੇ ਦੋਹੀਂ ਪਾਸੀਂ ਭਵਨ ਖੜ੍ਹੇ ਨੇ।

ਮਨ ਤੰਦੂਰ/ 49