ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/50

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਨੂਰ ਜਹਾਂ ਹਾਲੇ ਵੀ ਗਾਉਂਦੀ

ਜੱਗ ਜਹਾਨੋਂ ਤੁਰ ਗਈ ਭਾਵੇਂ,
ਨੂਰ ਜਹਾਂ ਹਾਲੇ ਵੀ ਗਾਉਂਦੀ।

ਧਰਤੀ ਧਰਤੀ ਪਰਬਤ ਪਰਬਤ,
ਧਰਤੀ ਹੇਠ ਪਤਾਲ ਤੋਂ ਲੈ ਕੇ,
ਅੰਬਰ ਦੇ ਵਿਚ ਜਗਦੇ ਸੂਰਜ ਤਾਰਿਆਂ ਤੀਕਰ।
ਜੋ ਜੋ ਜਾਗਣ ਸਾਰਿਆਂ ਤੀਕਰ।
ਨੂਰ ਜਹਾਂ ਹਾਲੇ ਵੀ ਗਾਉਂਦੀ।
ਬੋਲ ਸੁਣਾਉਂਦੀ।

ਰੋਮ ਰੋਮ ਝਰਨਾਟ ਛੇੜਦੀ।
ਜਿਵੇਂ ਪਹਾੜੋਂ ਝਰਨਾ ਕੋਈ,
ਨਿਰਮਲ ਨਿਰਮਲ ਨੀਰ ਲਿਆਵੇ।
ਧਰਤ ਪਿਆਸੀ ਅੰਦਰ ਮੁੜ ਕੇ ਸਵਾਸ ਜਗਾਵੇ।

ਪੀਰ ਫ਼ਕੀਰ ਦੀ ਕਬਰ ਤੇ ਜਗੇ ਚਿਰਾਗ ਵਾਂਗਰਾਂ,
ਨੇਰ੍ਹ ਚੀਰਦੀ ਸੁਰ ਜਦ ਲਾਵੇ।
ਕਣ ਕਣ ਝੂਮ ਉੱਠੇ ਤੇ ਖ਼ੂਬ ਵਜਦ ਵਿਚ ਆਵੇ।
ਰੌਸ਼ਨੀਆਂ ਦੀ ਅੰਬਰ ਗੰਗਾ ਖਿੜ ਖਿੜ ਜਾਵੇ।

ਧਰਤ ਹਨੇਰੀ ਰੌਸ਼ਨ ਕਰਦੀ।
ਚਾਨਣ ਚਾਨਣ ਕਣੀਆਂ ਵਰਗੀ ਬਾਰਸ਼ ਵਰ੍ਹਦੀ।
ਨੂਰੋ ਨੂਰ ਧਰਤ ਦੇ ਮੱਥੇ ਸਭ ਰੰਗ ਭਰਦੀ।
ਨੂਰ ਜਹਾਂ ਦੀ ਸ਼ਾਹਰਗ ਅੰਦਰ,
ਮਾਰੂਥਲ ਦੀ ਹੂਕ ਕੂਕਦੀ।

ਮਨ ਤੰਦੂਰ/ 50