ਇਹ ਵਰਕਾ ਤਸਦੀਕ ਕੀਤਾ ਗਿਆ ਏ
ਜਿਵੇਂ ਸ਼ੁਤਰ ਦੇ ਗਲ ਵਿਚ,
ਲਮਕਣ ਟੱਲਮ ਟੱਲੀਆਂ।
ਇਕ ਦੂਜੇ ਤੋਂ ਦੂਰ ਪਰੁੱਚੀਆਂ ਕੱਲ੍ਹ-ਮੁ-ਕੱਲ੍ਹੀਆਂ।
ਕਾਫ਼ਲਿਆਂ ਤੋਂ ਨਿੱਖੜ ਗਈਆਂ,
ਕਿੰਨੀਆਂ ਸੱਸੀਆਂ ਪੁੰਨੂੰਆਂ ਛਲੀਆਂ।
ਫਿਰ ਵੀ ਪੁੰਨਣ ਕੂਕ ਕੂਕ ਹੋ ਰਹੀਆਂ ਝੱਲੀਆਂ।
ਨੂਰ ਜਹਾਂ ਦੀ ਕੂਕ ਅੱਲਾਹੀ,
ਧੁਰ ਦਰਗਾਹੀਂ ਪਹੁੰਚਣ ਵਾਲੀ।
ਦਰਦਮੰਦਾਂ ਦੀਆਂ ਆਹੀਂ ਵਾਂਗੂੰ।
ਅੰਬਰ ਕਾਲਾ ਕਰਨ ਵਾਲੀਆਂ ਹੂਕਾਂ ਕੂਕਾਂ।
ਜਿਵੇਂ ਸ਼ਰੀਂਹ ਦੀ ਟਾਹਣੀ ਉੱਤੇ,
ਸੁੱਕੀਆਂ ਫ਼ਲੀਆਂ ਵਾਲੀਆਂ ਲੜੀਆਂ।
ਹਵਾ ਹਿਲੋਰੇ ਨਾਲ ਛਣਕ,
ਝਰਨਾਟਾਂ ਛੇੜਨ ਰੂਹ ਵਿਚ ਬੜੀਆਂ।
ਵਸਲ ਉਡੀਕੇ, ਹਿਜਰ ਦੀਆਂ ਮੁੱਕ ਜਾਵਣ ਘੜੀਆਂ।
ਨੂਰ ਜਹਾਂ ਦਾ ਨੂਰ,
ਸ਼ਬਦ ਤੋਂ ਬਹੁਤ ਅਗਾਂਹ ਹੈ।
ਯਾਰ ਬਲੋਚ ਦੀ ਤਾਂਘ 'ਚ,
ਲੁੱਛਦੀ ਸੱਸੀ ਵਰਗਾ।
ਤਪਦੀ ਰੇਤ ਤੇ ਵਾਹੋਦਾਰੀ,
ਭੱਜਦੀ ਪੈਰੀਂ ਛਾਲੇ ਲੈ ਕੇ।
ਆਪਣੇ ਆਪੇ ਵੱਲ ਨੂੰ,
ਆਪੇ ਭੱਜੀ ਆਉਂਦੀ।
ਨੂਰ ਜਹਾਂ ਹਾਲੇ ਵੀ ਗਾਉਂਦੀ।
ਮਨ ਤੰਦੂਰ/ 51