ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ।
ਤਾਹੀਓਂ ਦਿੱਲੀ ਦੂਰ ਬੜੀ ਹੈ।

ਮਾਂ ਪਿਉ ਜਾਏ ਮਾਰ ਮੁਕਾਏ,
ਇਹ ਕਿੱਧਰਲੀ ਜੰਗ ਲੜੀ ਹੈ।

ਡਰਦੀ 'ਵਾਜ ਨਾ ਸੰਘੋਂ ਨਿਕਲੇ,
ਹਰ ਬੂਹੇ 'ਤੇ ਮੌਤ ਖੜ੍ਹੀ ਹੈ।

ਲੱਗੇ ਬੋਹਲ ਉਡਾ ਨਾ ਦੇਵੇ,
ਲਹਿੰਦੀ ਗੁੱਠੇ ਧੂੜ ਚੜ੍ਹੀ ਹੈ।

ਟੁੱਟ ਗਈ ਤਾਂ ਫਿਰ ਨਾ ਜੁੜਨੀ,
ਨਾ ਤੋੜੋ ਇਹ ਅਹਿਮ ਕੜੀ ਹੈ।

ਕਿੱਥੇ ਪੈਰ ਧਰੋਗੇ ਏਥੇ,
ਚਹੁੰ ਗਿੱਠਾਂ ਤੇ ਫੇਰ ਮੜ੍ਹੀ ਹੈ।

ਸੂਈਆਂ ਪਿੱਛੇ ਘੁੰਮੀ ਜਾਵਣ,
ਮੇਰੇ ਗੁੱਟ ਤੇ ਅਜਬ ਘੜੀ ਹੈ।

ਵੇਖੀਂ ਇਸ 'ਤੇ ਛੱਤ ਨਾ ਪਾਈਂ,
ਗੱਤੇ ਦੀ ਦੀਵਾਰ ਖੜ੍ਹੀ ਹੈ।

104-ਮਨ ਦੇ ਬੂਹੇ ਬਾਰੀਆਂ