ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੁਪਨਿਆਂ ਦੀ ਨੈ ਝਨਾਂ ਨੂੰ ਤਰਦਿਆਂ।
ਉਮਰ ਬੀਤੀ ਹੈ ਰੋਜ਼ਾਨਾ ਮਰਦਿਆਂ।

ਉੱਠ ਕੇ ਵੇਖੋ ਤੇ ਦੱਸੋ ਕੌਣ ਹੈ,
ਮਰ ਗਏ ਜਿਸ ਦੇ ਤਸੀਹੇ ਜਰਦਿਆਂ।

ਤੂੰ ਲੁਕਾ ਬੇਸ਼ੱਕ ਮੈਨੂੰ ਹੈ ਪਤਾ,
ਦੱਸ ਦਿੱਤਾ ਸੱਚ ਇਨ੍ਹਾਂ ਪਰਦਿਆਂ।

ਕੌਣ ਤੈਨੂੰ ਮਾਰ ਸਕਦੈ ਸੋਹਣੀਏ,
ਆਖਿਆ ਕੱਚੇ ਘੜੇ ਨੇ ਖਰਦਿਆਂ।

ਤੇਰੇ ਪੱਲੇ ਅੱਖਰਾਂ ਬਿਨ ਹੋਰ ਕੀਹ,
ਪੁੱਛਿਆ ਕਈ ਵਾਰ ਮੈਨੂੰ ਘਰ ਦਿਆਂ।

ਮੇਰੇ ਕਿਹੜੇ ਕੰਮ ਆਈ ਸਾਦਗੀ,
ਜੀਅ ਕਰੇ ਇਹ ਪੰਡ ਏਥੇ ਧਰ ਦਿਆਂ।

ਲੰਘ ਜਾਊ ਰਾਤ ਵੀ ਇਹ ਦੋਸਤੋ,
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ।

ਤੇਰੇ ਪੱਲੇ ਕੀ ਬਚੇਗਾ ਦੱਸ ਫਿਰ,
ਮਰ ਗਈ ਗ਼ੈਰਤ ਜੇ ਪਾਣੀ ਭਰਦਿਆਂ।

ਮਨ ਦੇ ਬੂਹੇ ਬਾਰੀਆਂ - 113