ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਐਸੀ ਸਜ਼ਾ।
ਪਹਿਲਾਂ 'ਵਾ ਨੇ ਟਾਹਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ।

ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ,
ਇਕ ਛੰਨਾ ਪੋਣੇ ਬੱਧੀ ਰੋਟੀ ਕੁੱਤਾ ਲੈ ਗਿਆ।

ਕਸਰ ਤੂੰ ਛੱਡੀ ਨਾ ਕੋਈ ਅੱਗ ਲਾ ਕੇ ਐ ਹਵਾ,
ਫੇਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ।

ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ,
ਏਸ ਤੋਂ ਵਧ ਕੇ ਭਲਾ ਹੋਵੇਗੀ ਕਿਹੜੀ ਕਰਬਲਾ।

ਜਿਸ ਨੂੰ ਤੂੰ ਆਖੇਂ ਅਜ਼ਾਦੀ ਲੱਭ ਲੈ ਕਿੱਧਰ ਗਈ,
ਉਹ ਤਾਂ ਸੀ ਇਕ ਖ਼੍ਵਾਬ ਰਾਤੀਂ ਆਇਆ ਆ ਕੇ ਤੁਰ ਗਿਆ।

ਰੰਗ ਬਦਲੇ, ਪਰ ਕਿਸੇ ਨਾ ਢੰਗ ਬਦਲੇ ਨਾ ਵਿਧਾਨ,
ਕੁਰਸੀਆਂ ਤੇ ਕਾਲਾ ਧਨ ਚਿਹਰਾ ਬਦਲ ਕੇ ਬਹਿ ਗਿਆ।

ਬੰਦਿਆਂ 'ਤੇ ਰੋਕ ਸਰਹੱਦ ਤਾਰ ਕੰਡਿਆਲੀ ਖੜ੍ਹੀ,
ਕੌਣ ਡੱਕ ਸਕਦੈ ਭਲਾ ਦੱਸ ਹਾਉਕਿਆਂ ਦਾ ਕਾਫ਼ਲਾ।

ਮਨ ਦੇ ਬੂਹੇ ਬਾਰੀਆਂ - 114