ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬੁੱਕਲ ਵਿਚ ਸਮੋ ਲਿਆ ਭਾਵੇਂ ਮੈਂ ਸਾਰਾ ਬ੍ਰਹਿਮੰਡ ਓ ਯਾਰ।
ਤੇਰੀ ਇਕ ਗਲਵੱਕੜੀ ਬਾਝੋਂ ਨਹੀਓਂ ਪੈਂਦੀ ਠੰਡ ਓ ਯਾਰ।

ਮੇਰੇ ਮਨ ਤੋਂ ਭਾਰ ਤੂੰ ਲਾਹ ਕੇ ਕੁਝ ਪਲ ਮੇਰੇ ਕੋਲ ਖਲੋ,
ਕੱਲੇ ਤੋਂ ਨਹੀਂ ਚੁੱਕੀ ਜਾਂਦੀ ਇਕਲਾਪੇ ਦੀ ਪੰਡ ਓ ਯਾਰ।

ਤੂੰ ਤੁਰ ਜਾਵੇਂ ਕੌੜ ਕੁਸੈਲੀਆਂ ਯਾਦਾਂ ਖ਼ੌਰੂ ਪਾਉਂਦੀਆਂ ਨੇ,
ਤੂੰ ਮਿਲ ਜਾਵੇਂ ਤਾਂ ਸਾਹਾਂ ਵਿਚ ਘੁਲ ਜਾਂਦੀ ਹੈ ਖੰਡ ਓ ਯਾਰ।

ਘੁੱਗੀਆਂ ਮੋਰ ਦਸੂਤੀ ਚਾਦਰ ਉਤੇ ਬੈਠੇ ਆਖ ਰਹੇ,
ਤਰਸ ਤਰਸ ਕੇ ਤੇਰੀ ਛੋਹ ਨੂੰ ਐਵੇਂ ਚੱਲੇ ਹੰਢ ਓ ਯਾਰ।

ਉੱਜਲੇ ਤਨ ਵਿਚ ਮਨ ਦਾ ਮੈਲਾ ਸ਼ੀਸ਼ਾ ਮੈਨੂੰ ਕਹਿੰਦਾ ਹੈ,
ਜਾਂ ਤਾਂ ਮੈਨੂੰ ਟੋਟੇ ਕਰ ਦੇ ਜਾਂ ਨਾ ਐਵੇਂ ਭੰਡ ਓ ਯਾਰ।

ਕੰਧ ਓਹਲੇ ਪ੍ਰਦੇਸ ਭਰਾਓ ਏਸ ਤਰ੍ਹਾਂ ਹੀ ਬਣ ਜਾਵੇ,
ਹੌਲੀ ਹੌਲੀ ਬੱਝਦੀ ਹੈ ਜਦ ਮਨ ਦੇ ਅੰਦਰ ਗੰਢ ਓ ਯਾਰ।

ਇਕੋ ਮਾਂ ਦੀ ਛਾਤੀ ਚੁੰਘਦੇ ਵੀਰਾਂ ਦੇ ਵਿਚਕਾਰ ਲਕੀਰ,
ਮਾਂ ਦੀ ਮਮਤਾ ਫ਼ੀਤਾ ਫੜ ਕੇ ਏਸ ਤਰ੍ਹਾਂ ਨਾ ਵੰਡ ਓ ਯਾਰ।

ਮਨ ਦੇ ਬੂਹੇ ਬਾਰੀਆਂ - 115