ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਰਦਾ ਜੇ ਤੂੰ ਫੁੱਲਾਂ ਨਾਲ ਪਿਆਰ ਕਦੇ।
ਚੰਗੇ ਨਹੀਂ ਸੀ ਲੱਗਣੇ ਇਹ ਹਥਿਆਰ ਕਦੇ।

ਬਲਦੀ ਕੇਵਲ ਮਿੱਟੀ ਹੈ ਜਾਂ ਲੱਕੜੀਆਂ,
ਮੜ੍ਹੀਆਂ ਅੰਦਰ ਸੜਦੇ ਨਹੀਂ ਵਿਚਾਰ ਕਦੇ।

ਸਰਮਾਏ ਦੇ ਜੰਗਲ ਵਿਚ ਗੁਆਚ ਗਏ,
ਦਾਅਵੇਦਾਰ ਉਮਰ ਦੇ ਸੀ ਜੋ ਯਾਰ ਕਦੇ।

ਪੁਸਤਕ ਦੇ ਪੰਨਿਆਂ ਵਿਚ ਰੱਖ ਕੇ ਮਾਰੀ ਜੋ,
ਉਸ ਤਿਤਲੀ ਦਾ ਰੂਹ ਤੇ ਪੈਂਦੈ ਭਾਰ ਕਦੇ।

ਆਰੀ ਵਾਲੇ ਬਾਗ਼ ਦੁਆਲੇ ਫਿਰਦੇ ਨੇ,
ਚੌਂਕੀਦਾਰਾ ਏਧਰ ਫੇਰਾ ਮਾਰ ਕਦੇ।

ਇਹ ਤਾਂ ਮਨ ਦੇ ਰਉਂ 'ਤੇ ਨਿਰਭਰ ਕਰਦਾ ਹੈ,
ਹਰ ਵਾਰੀ ਨਹੀਂ ਹੁੰਦੇ ਦੋ ਦੋ ਚਾਰ ਕਦੇ।

ਜੀਅ ਤਾਂ ਚਾਹੁੰਦੈ ਮੈਂ ਵੀ ਉਹਦੇ ਨਾਲ ਉਡਾਂ,
ਅੰਬਰ ਵਿਚ ਜਦ ਵੇਖਾਂ ਉੱਡਦੀ ਡਾਰ ਕਦੇ।

ਮਨ ਦੇ ਬੂਹੇ ਬਾਰੀਆਂ - 116