ਸਮੱਗਰੀ 'ਤੇ ਜਾਓ

ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/117

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ



ਖ਼ਬਰੇ ਕਿਹੜੇ ਗ਼ਮ ਨੇ ਖਾਧੇ ਸਾਵੇ ਪੱਤਰ ਰੁੱਖਾਂ ਦੇ।
ਨਕਸ਼ ਨੁਹਾਰ ਇਨ੍ਹਾਂ ਦੀ ਮਿਲਦੀ ਨਾਲ ਬੀਮਾਰ ਮਨੁੱਖਾਂ ਦੇ।

ਤੂੰ ਕਿਤਿਉਂ ਵੀ ਚੂਲੀ ਭਰ ਲੈ ਹਰ ਥਾਂ ਖਾਰਾ ਪਾਣੀ ਹੈ,
ਖ਼ੂਨ ਪਸੀਨਾ ਅੱਥਰੂ ਬਣ 'ਗੇ ਦਰਦ ਸਮੁੰਦਰ ਦੁੱਖਾਂ ਦੇ।

ਹਰੇ ਕਚੂਰ ਦਰਖ਼ਤਾਂ ਵਲ ਤੂੰ ਵੇਖੀਂ ਤੇ ਇਹ ਸਮਝ ਲਈਂ,
ਪੱਤਝੜ ਮਗਰੋਂ ਲਗਰਾਂ ਫੁੱਟਣ ਦੁੱਖ ਮਗਰੋਂ ਦਿਨ ਸੁੱਖਾਂ ਦੇ।

ਰੱਜੇ ਪੁੱਜੇ ਲੋਕੀਂ ਰੋ ਰੋ ਹੋਰ ਦੌਲਤਾਂ ਮੰਗਦੇ ਨੇ,
ਰੁੱਖੀ ਮਿੱਸੀ ਖਾ ਸੌ ਜਾਂਦੇ ਲਾਡ ਲਡਾਏ ਭੁੱਖਾਂ ਦੇ।

ਦੋਧੇ ਵਸਤਰ ਉੱਜਲੇ ਚਿਹਰੇ ਬਗਲੇ ਵਾਂਗ ਅਡੋਲ ਖੜ੍ਹੇ,
ਵੇਖ ਪਛਾਣ ਲਵੀਂ ਤੂੰ ਆਪੇ ਮੂੰਹ ਨਕਲੀ ਗੁਰਮੁੱਖਾਂ ਦੇ।

ਜਾਇਦਾਦ ਅਣਦਿਸਦਾ ਕੀੜਾ ਸਾਂਝਾਂ ਤਾਰੋ ਤਾਰ ਕਰੇ,
ਖਾਂਦਾ ਖਾਂਦਾ ਖਾ ਖਾਂਦਾ ਹੈ ਸੁੱਚੇ ਰਿਸ਼ਤੇ ਕੁੱਖਾਂ ਦੇ।

ਚੌਵੀ ਘੰਟੇ ਜਿਨ੍ਹਾਂ ਨੂੰ ਬੱਸ ਅਪਣਾ ਹਿਤ ਹੀ ਯਾਦ ਰਹੇ,
ਬਹੁਤਾ ਮੱਥੇ ਲੱਗਿਆ ਨਾ ਕਰ ਏਹੋ ਜਿਹੇ ਮਨਮੁੱਖਾਂ ਦੇ।

ਮਨ ਦੇ ਬੂਹੇ ਬਾਰੀਆਂ -117