ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਜ਼ਿੰਦਗੀ ਗੁਜ਼ਾਰੀ ਵਾਵਰੋਲਿਆਂ ਦੇ ਵਾਂਗ।
ਉਨ੍ਹਾਂ ਫਿਰਨਾ ਏਂ ਸਦਾ ਕੱਖੋਂ ਹੌਲਿਆਂ ਦੇ ਵਾਂਗ।

ਜਦੋਂ ਸਹਿਕਦੇ ਸੀ ਚੁੱਪ ਦੀ ਆਵਾਜ਼ ਤਾਈਂ ਕੰਨ,
ਅਸੀਂ ਜ਼ਿੰਦਗੀ ਗੁਜ਼ਾਰੀ ਸਾਰੀ ਰੌਲਿਆਂ ਦੇ ਵਾਂਗ।

ਜਿਹੜੇ ਤਾਂਘਦੇ ਸੀ ਲੋਕ ਸਾਡੇ ਪਿੱਛੇ ਆਉਣ,
ਉਨ੍ਹਾਂ ਕੀਤਾ ਸਾਨੂੰ ਸਦਾ ਅਣਗੌਲਿਆਂ ਦੇ ਵਾਂਗ।

ਉਨ੍ਹਾਂ ਨਾਲ ਕੌਣ ਤੁਰੇ ਜਿਹੜੇ ਰਾਹਾਂ ਵਿਚੋਂ ਮੁੜੇ,
ਉਨ੍ਹਾਂ ਕੁਝ ਨਾ ਪਛਾਤਾ ਅੰਨ੍ਹੇ ਬੋਲਿਆਂ ਦੇ ਵਾਂਗ।

ਜਿਨ੍ਹਾਂ ਰੁੱਖਾਂ ਕੋਲ ਫ਼ਲ ਫੁੱਲ ਹਰੇ ਪੱਤ ਸਨ,
ਐਸਾ ਸੇਕਿਆ ਹਵਾ ਨੇ ਹੋਏ ਕੋਲਿਆਂ ਦੇ ਵਾਂਗ।

ਮਨ ਦੇ ਬੂਹੇ ਬਾਰੀਆਂ- 29