ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਕੇ ਜਿੰਨ੍ਹਾਂ ਨੂੰ ਯਾਦ ਮੈਂ ਰਾਤੀਂ ਸੀ ਰੋ ਲਿਆ।
ਉਨ੍ਹਾਂ ਸਵੇਰੇ ਉਠਦਿਆਂ ਬੂਹਾ ਹੀ ਢੋ ਲਿਆ।

ਇਹ ਉਮਰ ਜਿੰਨ੍ਹਾਂ ਵਾਸਤੇ ਰੱਖਣੀ ਸੀ ਰਾਖਵੀਂ,
ਉਨ੍ਹਾਂ ਨੇ ਸਾਡਾ ਰਾਤ ਦਿਨ ਹੁਣ ਤੋਂ ਹੀ ਖੋਹ ਲਿਆ।

ਦੁਸ਼ਮਣ ਤਾਂ ਹੈਣ ਦੁਸ਼ਮਣ ਯਾਰਾਂ ਨੂੰ ਕੀ ਕਹਾਂ,
ਸਾਰੇ ਦੇ ਸਾਰੇ ਸਾਜ਼ਿਸ਼ੀ ਸਭ ਨੂੰ ਹੈ ਟੋਹ ਲਿਆ।

ਜਿਸਨੂੰ ਮੈਂ ਲੱਭ ਰਿਹਾ ਸਾਂ ਜਿਸਮ ਆਪਣਾ ਢੱਕ ਕੇ,
ਰੌਲੇ 'ਚ ਕਿਸਨੇ ਮੈਥੋਂ ਮੇਰਾ ਚਿਹਰਾ ਖੋਹ ਲਿਆ।

ਵਗਦੀ ਹਵਾ ਦੇ ਕੰਨ ਵਿਚ ਖ਼ਵਰੇ ਤੂੰ ਕੀ ਕਿਹਾ,
ਮੈਨੂੰ ਲਿਪਟ ਗਈ ਜਦੋਂ ਮੈਂ ਤੇਰਾ ਨਾਂ ਲਿਆ।

ਕਾਹਦੇ ਗਿਲੇ ਸ਼ਿਕਾਇਤਾਂ ਜੇ ਨਾ ਮਿਲੇ ਤਾਂ ਕੀ,
ਏਨਾ ਬਹੁਤ ਹੈ ਦਰਦ ਦਾ ਮੈਂ ਗੀਤ ਛੋਹ ਲਿਆ।

ਮਨ ਦੇ ਬੂਹੇ ਬਾਰੀਆਂ- 31