ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੌਕਿਆਂ ਦੇ ਵਿਚ ਉਲਝ ਗਈ ਹੈ ਸਾਹਾਂ ਦੀ ਖੁਸ਼ਬੋ।
ਧੂੰਏਂ ਵਿਚ ਗਵਾਚ ਗਈ ਹੈ ਕਿਉਂ ਸੂਰਜ ਦੀ ਲੋਅ।

ਮੈਂ ਤੇਰਾ ਇਕ ਜਾਣਕਾਰ ਹਾਂ ਗੂੜ੍ਹ ਨੇਰ੍ਹੀਏ ਰਾਤੇ,
ਸਾਡੇ ਹਿੱਸੇ ਦਾ ਸੂਰਜ ਨਾ ਬੁੱਕਲ ਵਿਚ ਲੁਕੋ।

ਸੁਰਖ਼ ਸਵੇਰਾ ਚੀਰ ਹਨੇਰਾ ਤੇਰੇ ਦਰ 'ਤੇ ਆਇਆ,
ਜਾਗ ਸੁੱਤਿਆ ਲੋਕਾ ਉੱਠ ਕੇ ਤੇਲ ਤਾਂ ਬੂਹੇ ਚੋ।

ਚਾਰ ਦੀਵਾਰੀ ਅੰਦਰ ਖੁਸ਼ਬੋ ਕੈਦਣ ਬਣ ਕੇ ਰੋਵੇ,
ਕੱਚਿਆਂ ਵਿਹੜਿਆਂ ਪਾਲੀ ਪੋਸੀ ਗਈ ਪਰਾਈ ਹੋ।

ਪੈਰ ਪੈਰ ਤੇ ਦਰ-ਦਰਵਾਜ਼ੇ ਖੋਲ੍ਹੀ ਮੌਤ ਖਲੋਤੀ,
ਸਾਡੇ ਲਈ ਹਯਾਤੀ ਨੇ ਵੀ ਬੂਹੇ ਲਏ ਨੇ ਢੋਅ।

ਰਾਵੀ ਦੇ ਉਰਵਾਰ-ਪਾਰ ਦੁੱਖ-ਦਰਦਾਂ ਦਾ ਰੰਗ ਇੱਕੋ,
ਜਿਸਮ ਚੀਰ ਕੇ ਮੁਲਕ ਬਣਾਏ ਭਾਵੇਂ ਇਕ ਤੋਂ ਦੋ।

ਮਨ ਦੇ ਬੂਹੇ ਬਾਰੀਆਂ- 55