ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੰਡ ਗਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਵਾਂ।
ਵਾਂਗ ਬਿਗਾਨੇ ਝਾਕਦੀਆਂ ਨੇ ਕੰਧਾਂ, ਧੁੱਪਾਂ, ਛਾਵਾਂ।

ਅਮਰ ਵੇਲ ਨੇ ਘੇਰ ਲਿਆ ਹੈ ਵਾਂਗ ਦਰਖ਼ਤਾਂ ਮੈਨੂੰ,
ਸਾਹ ਤੇ ਸੋਚ ਜਕੜ ਲਈ ਜਾਪੇ ਕੱਸੀਆਂ ਲੱਤਾਂ ਬਾਹਵਾਂ।

ਇਸ ਰੁੱਤੇ ਜੇ ਪੌਣ ਉਦਾਸੀ ਨਾ ਕਰ ਸ਼ਿਕਵਾ ਕੋਈ,
ਹਉਕੇ ਭਰ ਵਿਰਲਾਪ ਕਰਦੀਆਂ ਸਭ ਰੁੱਖਾਂ ਦੀਆਂ ਛਾਵਾਂ।

ਸੁਪਨ-ਸਿਰਜਣਾ ਕਰਾਂ ਮੈਂ ਕਿੱਥੇ ਆਲ ਦੁਆਲੇ ਤਾਰਾਂ,
ਬੇਆਬਾਦ ਘਰਾਂ 'ਚੋਂ ਕਿਸਦੀ ਕੁੰਡੀ ਜਾ ਖੜਕਾਵਾਂ।

ਨਾਗ ਜ਼ਰੀਲੇ ਕੱਢ ਵਰਮੀਆਂ ਬੈਠੇ ਚੌਂਕ ਚੁਰਾਹੇ,
ਜ਼ਹਿਰ ਭਿੱਜੀਆਂ ਵਗਦੀਆਂ ਨੇ ਤਾਂ ਹੀ ਸਰਦ ਹਵਾਵਾਂ।

66-ਮਨ ਦੇ ਬੂਹੇ ਬਾਰੀਆਂ