ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੁਪਨ-ਪਰਿੰਦੇ ਕਿਉਂ ਫੜ ਫੜ ਕੇ ਕਰਦਾ ਹੈਂ ਕਤਲਾਮ ਜਿਹਾ।
ਰੋਜ਼ ਰਾਤ ਨੂੰ ਸੁਣਦਾ ਨ੍ਹੀਂ ਤੂੰ ਘੁੱਗੀਆਂ ਦਾ ਕੋਹਰਾਮ ਜਿਹਾ।

ਰੰਗ ਬਰੰਗੀਆਂ ਪਕੜ ਤਿਤਲੀਆਂ ਵਿਚ ਕਿਤਾਬਾਂ ਕੈਦ ਕਰੇਂ,
ਸ਼ੌਕ ਅਵੱਲਾ ਇਹ ਤੇਰਾ ਹੁਣ ਹੋ ਚਲਿਆ ਬਦਨਾਮ ਜਿਹਾ।

ਦਹਿਸ਼ਤ ਵਹਿਸ਼ਤ ਅਕਲੋਂ ਸ਼ਕਲੋਂ ਸਕੀਆਂ ਭੈਣਾਂ ਜਾਪਦੀਆਂ,
ਇਹਨਾਂ ਨੇ ਪੰਜਾਬ ਬਣਾਇਆ ਹੁਣ ਤਾਂ ਦੂਜੀ ਲਾਮ ਜਿਹਾ।

ਨੇਰ੍ਹ ਸਾਈਂ ਦਾ ਜੋਤਸ਼ੀਆਂ ਦੇ ਨਾਲ ਜੋਟੀਆਂ ਪਾ ਬੈਠਾ,
ਆਸ ਦਾ ਸੂਰਜ ਲੱਗਦਾ ਸੀ ਜੋ ਸਾਨੂੰ ਲਾਲ ਸਲਾਮ ਜਿਹਾ।

ਅਦਲ ਸਮੇਂ ਦਾ ਯਾਰੋ ਦੇਖੋ ਕਿੱਥੋਂ ਕਿੱਥੇ ਜਾ ਪਹੁੰਚਾ,
ਪਾਗਲ ਕਹਿਕੇ ਗੋਲੀ ਮਾਰਨ ਕਰ ਦੇਵਣ ਬਦਨਾਮ ਜਿਹਾ।

ਨਿੰਮੋਝੂਣ ਉਦਾਸਿਆ ਸੂਰਜ ਸੋਚਾਂ ਦੇ ਖੂਹ ਡੁੱਬ ਚੱਲਿਆ,
ਸੁਬ੍ਹਾ ਸਵੇਰੇ ਸਿਖ਼ਰ ਦੁਪਹਿਰੇ ਲੱਗਦਾ ਸੀ ਜੋ ਸ਼ਾਮ ਜਿਹਾ।

ਖ਼ਬਰੇ ਕਿਸ ਦਿਨ ਸੁੱਤੇ ਲੋਕੀਂ ਗੂੜ੍ਹੀ ਨੀਂਦ ਚੋਂ ਜਾਗਣਗੇ,
ਹੱਕ ਅਤੇ ਇਨਸਾਫ਼ ਦੀ ਖ਼ਾਤਰ ਛੇੜਣਗੇ ਸੰਗਰਾਮ ਜਿਹਾ।

ਮਨ ਦੇ ਬੂਹੇ ਬਾਰੀਆਂ-73