ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਗਦੀ ਹਨੇਰੀ ਬੁਝੀ ਦੀਵਿਆਂ ਦੀ ਪਾਲ।
ਆਪਣੇ ਤੂੰ ਘਰ ਦੇ ਚਿਰਾਗਾਂ ਨੂੰ ਸੰਭਾਲ।

ਲੁਕ ਗਈ ਕਿਤਾਬਾਂ ਵਿਚ ਅੱਖਰਾਂ ਦੀ ਭੀੜ,
ਹੱਥ ਵਿਚ ਛੁਰੀ ਚੁੱਕੀ ਫਿਰਦੇ ਚੰਡਾਲ।

ਵਰ੍ਹਦੀਆਂ ਗੋਲੀਆਂ ਦਾ ਹੋਵੇ ਜਦੋਂ ਭੇੜ,
ਨ੍ਹੇਰੇ ਵਿਚ ਕੌਣ ਵੇਖੇ ਕੌਣ ਕੀਹਦੇ ਨਾਲ।

ਧਰਮਾਂ ਰਿਆਸਤਾਂ ਸਿਆਸਤਾਂ ਦੀ ਲੋੜ,
ਹਰ ਵੇਲੇ ਟਾਲ ਦੇਣਾ ਰੋਟੀ ਦਾ ਸੁਆਲ।

ਲੁਕ ਛਿਪ ਜਾਓ ਫਿਰੇ ਕੂਕਦੀ ਇਹ ਪੌਣ,
ਖੌਰੇ ਕਿਹਦੇ ਸਿਰ ਚੜ੍ਹ ਬੋਲ ਪਵੇ ਕਾਲ।

ਇਕ ਇਕ ਦਿਨ ਹੁਣ ਬੀਤਦਾ ਹੈ ਇੰਵ,
ਮੋਈ ਮਾਂ ਨੂੰ ਚੁੰਘੇ ਜਿਵੇਂ ਨਿੱਕਾ ਜਿਹਾ ਬਾਲ।

ਤੇਰੀਆਂ ਕਮਾਈਆਂ ਮਿੱਟੀ ਵਿਚ ਰੁਲ ਗਈਆਂ,
ਉੱਠ ਸਿਰ ਵਾਲਿਆ ਤੂੰ ਪਗੜੀ ਸੰਭਾਲ।

ਮਨ ਦੇ ਬੂਹੇ ਬਾਰੀਆਂ-97