ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸ ਘੁੰਮਣ ਘੇਰ ’ਚ ਫਸ ਗਏ ਹਾਂ, ਨਾ ਜੀਅ ਹੋਵੇ ਨਾ ਮਰ ਹੋਏ।
ਹਰ ਤਰਫ਼ ਤਪਦੀਆਂ ਲੋਹਾਂ ਨੇ, ਇਕ ਪੈਰ ਅਗਾਂਹ ਨਾ ਧਰ ਹੋਏ।

ਮੈਂ ਦੇ ਦੇ ਦਸਤਕ ਹਾਰ ਗਿਆਂ, ਹਰ ਪਾਸੇ ਹੀ ਦੀਵਾਰਾਂ ਨੇ,
ਮੈਂ ਕਿੱਥੇ ਬੈਠ ਆਰਾਮ ਕਰਾਂ, ਕੋਈ ਤਾਂ ਖੁੱਲ੍ਹਾ ਦਰ ਹੋਏ।

ਰੋਣਾ ਕੁਰਲਾਉਣਾ ਸੁਣ ਸੁਣ ਕੇ ਇਹ ਤਨ ਮਨ ਪੱਥਰ ਹੋ ਚੱਲਿਆ,
ਕੜ ਪਾਟ ਜਾਣ 'ਤੇ ਗੱਲ ਪਹੁੰਚੀ, ਹੁਣ ਹੋਰ ਸਿਤਮ ਨਾ ਜਰ ਹੋਏ।

ਰਾਹਾਂ ਦੀ ਧੂੜ ਪਿਆਸੀ ਬੜੀ, ਨਾ ਬਹਿ ਸਕੀਏ ਨਾ ਤੁਰ ਸਕੀਏ ,
ਹੁਣ ਸ਼ਹਿਰ ਸਮੁੰਦਰ ਖ਼ਾਰੇ ’ਚੋਂ, ਘੁੱਟ ਪਾਣੀ ਦੀ ਨਾ ਭਰ ਹੋਏ।

ਇਸ ਯੁਗ ਦਾ ਨਾਇਕ ਗੁਆਚ ਗਿਆ, ਖ਼ਲਨਾਇਕਾਂ ਨੇ ਸਿਰ ਤਾਜ ਧਰੇ,
ਇਸ ਰੀਂਘਣਹਾਰੀ ਬਸਤੀ ਵਿਚ, ਕਿਉਂ ਵਰਮੀ ਵਰਗੇ ਘਰ ਹੋਏ?

ਸਾਹਾਂ ਨੂੰ ਸੂਤ ਨਿਢਾਲ ਕਰਨ, ਤੇ ਚੱਟ ਜਾਂਦੇ ਨੇ ਰੂਹਾਂ ਨੂੰ,
ਸੱਜਣਾਂ ਦੇ ਭੇਖ ’ਚ ਵੇਖ ਲਵੋ, ਕਿੱਦਾਂ ਦੇ ਚਾਰਾਗਰ ਹੋਏ।

ਮੈਂ ਜਦ ਤੱਕ ਚੋਗਾ ਚੁਗਦਾ ਸੀ, ਕੋਈ ਤੋਟ ਨਹੀਂ ਸੀ ਚੂਰੀ ਦੀ,
ਪਰਵਾਜ਼ ਭਰੀ ਤਾਂ ਵੇਖ ਲਵੋ, ਅੱਜ ਵੈਰੀ ਮੇਰੇ ਪਰ ਹੋਏ।

ਮਨ ਪਰਦੇਸੀ / 26