ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯਤਨ ਕਰਾਂਗਾ, ਵਕਤ ਸਮਾਵੇ ਆਉਂਦੇ ਜਾਂਦੇ ਸਾਹਾਂ ਅੰਦਰ।
ਇਹ ਨਾ ਸਬਕ ਸੁਣਾਵੀਂ ਮੈਨੂੰ, ਮਰ ਖਪ ਜਾਵਾਂ ਰਾਹਾਂ ਅੰਦਰ।

ਰੇਗਿਸਤਾਨ 'ਚ ਲੁਕੀਆਂ ਨਦੀਆਂ, ਝੀਲਾਂ ਪਰਬਤ ਨਦੀਆਂ ਨਾਲੇ,
ਮੇਰਾ ਤਾਂ ਵਿਸ਼ਵਾਸ ਅਟਲ ਹੈ, ਸਭ ਕੁਝ ਲੁਕਿਆ ਧਰਤੀਆਂ ਅੰਦਰ।

ਚੰਨ ਤੇ ਤਾਰੇ, ਸੂਰਜ ਮਿਲਕੇ ਅੰਬਰੀਂ ਖੇਡਣ ਲੁਕਣ ਮਚਾਈਆਂ,
ਰੀਝਾਂ ਦੀ ਸਤਰੰਗੀ ਝੂਲੇ, ਨੀਲ ਬਲੌਰੀ ਅੰਬਰਾਂ ਅੰਦਰ।

ਕਾਲ ਕਲੂਟੀ ਰਾਤੋਂ ਡਰ ਕੇ, ਕਿਉਂ ਬਹਿ ਜਾਈਏ ਚੁੱਪ ਚੁਪੀਤੇ,
ਯਤਨ ਕਰਾਂਗੇ, ਇਹ ਨਾ ਬਹਿ ਕੇ, ਹੱਡ ਮਾਸ ਦੇ ਪੁਤਲਿਆਂ ਅੰਦਰ।

ਤੂੰ ਵੀ ਘਰ ਦੀ ਖਿੜਕੀ ਖੋਲ੍ਹੀਂ, ਮੈਂ ਵੀ ਤੋੜੂੰ ਦਰ-ਦੀਵਾਰਾਂ,
ਮੁੱਕ ਜਾਵੇ ਨਾ ਸਾਂਝੀ ਧੜਕਣ, ਖ਼ੁਦ ਵਣਜੇ ਬਣਵਾਸਾਂ ਅੰਦਰ।

ਥੱਕਿਆ ਤਨ ਤੇ ਮਨ ਬੁਝਿਆ ਹੈ, ਬਿਨ ਸਿਰਨਾਵੇਂ ਭਟਕ ਰਿਹਾਂ ਮੈਂ,
ਗੁੰਮ ਗਵਾਚ ਗਿਆ ਹਾਂ ਏਥੇ, ਝਿਲਮਿਲ ਕਰਦੇ ਸ਼ਹਿਰਾਂ ਅੰਦਰ।

ਨਦੀਏ ਦੱਸ ਤੂੰ ਕਿਉਂ ਡਰਦੀ ਏਂ, ਜੇ ਸਾਗਰ ਦਾ ਅਸਗਾਹ ਪੈਂਡਾ,
ਫ਼ਿਕਰਾਂ ਅੰਦਰ ਕਿਉਂ ਡੁੱਬਦੀ ਏਂ, ਜ਼ਿੰਦਗੀ ਧੜਕੇ ਲਹਿਰਾਂ ਅੰਦਰ।

ਮਨ ਪਰਦੇਸੀ / 34