ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੱਲ ਅੰਬਰਾਂ ਨੂੰ ਚੁੰਮੀਏ ਹੁਲਾਰਿਆਂ ਦੇ ਨਾਲ ।
ਕੋਈ ਗੱਲਬਾਤ ਤੋਰੀਏ, ਸਿਤਾਰਿਆਂ ਦੇ ਨਾਲ ।

ਮੇਰੇ ਅੰਦਰ ਖਾਮੋਸ਼ੀ, ਬਾਹਰ ਚੁੱਪ ਦੇ ਪਹਾੜ,
ਮੈਨੂੰ ਜੀਣ ਜੋਗਾ ਕਰ ਦੇ ਹੁੰਗਾਰਿਆਂ ਦੇ ਨਾਲ ।

ਭਾਵੇਂ ਉਮਰਾਂ ਦੀ ਪੌੜੀ ਵਾਲੇ ਡੰਡੇ ਮੁੱਕ ਚੱਲੇ,
ਦਿਲ ਖੇਡੀ ਜਾਵੇ ਅਜੇ ਵੀ ਗੁਬਾਰਿਆਂ ਦੇ ਨਾਲ ।

ਇਹ ਜੋ ਰਾਂਗਲੀ ਸੁਰਾਂਗਲੀ ਹੈ, ਫੁੱਲਾਂ ਭਰੀ ਵੇਲ,
ਵੰਡੇ ਖੁਸ਼ਬੂ ਇਹ ਤੇਰੇ ਹੀ ਇਸ਼ਾਰਿਆਂ ਦੇ ਨਾਲ ।

ਆ ਜਾ ਇੱਕ ਦੂਜੇ ਵਿਚ ਦੋਵੇਂ ਡੁੱਬ ਜਾਈਏ ਪੂਰੇ,
ਮੈਂ ਤਾਂ ਥੱਕ ਗਿਆਂ ਤਰਦਾ ਕਿਨਾਰਿਆਂ ਦੇ ਨਾਲ ।

ਤੂੰ ਤਾਂ ਰਾਜ ਗੱਦੀ ਓਹਲੇ ਨਿੱਤ ਲੁਕ ਛਿਪ ਜਾਵੇਂ,
ਖੇਡਾਂ ਲੁਕਣ ਮਚਾਈਆਂ, ਬੇਸਹਾਰਿਆਂ ਦੇ ਨਾਲ ।

ਸਾਡੀ ਕੱਖਾਂ ਵਾਲੀ ਕੁੱਲੀ ਤੇ ਹਨ੍ਹੇਰੀ ਜਦੋਂ ਝੁੱਲੀ,
ਸਾਰੇ ਕਹਿਣ ਨੇੜ ਕੀਤਾ ਕਿਉਂ ਚੁਬਾਰਿਆਂ ਦੇ ਨਾਲ ।

ਮਨ ਪਰਦੇਸੀ /43