ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਮਿਲੀ ਤਾਂ ਉਸ ਵੇਲੇ ਸਿਰ ਤੇ ਕਾਲੀ ਰਾਤ ਸੀ ।
ਚਾਰੇ ਪਾਸੇ ਉਸਤਰੇ ਸਨ, ਵਿੱਚ ਮੇਰੀ ਜ਼ਾਤ ਸੀ ।

ਮੈਂ ਹੁੰਗਾਰਾ ਭਰਨ ਤੋਂ ਪਹਿਲਾਂ ਤਾਂ ਨਾਬਰ ਸੀ ਜ਼ਰੂਰ,
ਗੁਫ਼ਤਗੂ ਹੋਈ ਸ਼ੁਰੂ ਤਾਂ ਸਾਹਮਣੇ ਪ੍ਰਭਾਤ ਸੀ ।

ਪਿਆਰ ਦਾ ਇਜ਼ਹਾਰ ਤੂੰ ਕੀਤਾ, ਮੈਂ ਅੰਬਰ ਹੋ ਗਿਆ,
ਚੰਨ ਤੇ ਸੂਰਜ ਵੀ ਰਲ ਕੇ ਸਾਡੇ ਅੱਗੇ ਮਾਤ ਸੀ ।

ਮੈਂ ਵੀ ਪਿਆਲਾ ਜ਼ਹਿਰ ਦਾ ਪੀਂਦਾ ਕਿਵੇਂ ਨਾ ਦੋਸਤੋ,
ਮਾਪਿਆਂ ਨੇ ਮੇਰਾ ਨਾਂ ਜਦ ਰੱਖਿਆ ਸੁਕਰਾਤ ਸੀ ।

ਨੇਤਰਾਂ 'ਚੋਂ ਨੀਰ ਕਿਣ ਮਿਣ ਵਰ੍ਹ ਰਿਹੈ ਅੰਦਰ ਨੂੰ ਵੇਖ,
ਫੇਰ ਨਾ ਆਖੀਂ ਤੂੰ ਇਹ ਬੇਮੌਸਮੀ ਬਰਸਾਤ ਸੀ ।

ਵਾਵਰ੍ਹੋਲਾ ਮਹਿਕ ਦਾ ਆਇਆ ਤੇ ਆ ਕੇ ਤੁਰ ਗਿਆ,
ਰੋਕ ਲੈਂਦਾ ਓਸ ਨੂੰ, ਕਿੱਥੇ ਮੇਰੀ ਔਕਾਤ ਸੀ ।

ਖੰਭ ਟੁੱਟਣ ਬਾਦ ਜੀਕੂੰ, ਸਹਿਕਦੇ ਪੰਛੀ ਉਦਾਸ,
ਤੇਰੇ ਪਿੱਛੋਂ ਹੋ ਗਏ ਕੁਝ, ਇਸ ਤਰ੍ਹਾਂ ਹਾਲਾਤ ਸੀ ।

ਮਨ ਪਰਦੇਸੀ / 47