ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਭੋਲਿਆਂ ਪਰਿੰਦਿਆਂ ਨੂੰ ਜਦੋਂ ਕੋਈ ਠੱਗਦਾ ।
ਮੈਨੂੰ ਸਦਾ ਆਪਣਾ ਕਸੂਰ ਜਿਹਾ ਲੱਗਦਾ ।

ਧਰਤੀ ਦਾ ਪੁੱਤ ਬਣ, ਏਨੀ ਗੱਲ ਜਾਣ ਲੈ,
ਫ਼ਲ ਨਾਲੋਂ ਪਹਿਲਾਂ ਸਦਾ ਬੂਰ ਜਿਹਾ ਲੱਗਦਾ ।

ਨੇਰ੍ਹ ਤੇ ਸਵੇਰ ਦਾ ਵਿਰੋਧ ਨਹੀਓਂ ਮੁੱਕਣਾ,
ਰਾਤਾਂ ਨੂੰ ਤਾਂ ਐਵੇਂ ਹੀ ਫਤੂਰ ਜਿਹਾ ਲੱਗਦਾ ।

ਪੀਣ ਵਾਲੀ ਇਨ੍ਹਾਂ ਕੋਲ ਇਕ ਸੁੱਚੀ ਤਿੱਪ ਨਹੀਂ,
ਸਾਗਰਾਂ ਨੂੰ ਫੋਕਾ ਕਿਉਂ ਗਰੂਰ ਜਿਹਾ ਲੱਗਦਾ ।

ਵਿੱਚੋਂ ਤਪੀ ਮਿੱਟੀ ਤੇ ਪਕਾਵੇ ਬੀਬੀ ਰੋਟੀਆਂ,
ਬਾਹਰੋਂ ਠੰਢਾ ਠਾਰ ਕਿਉਂ ਤੰਦੂਰ ਜਿਹਾ ਲੱਗਦਾ ।

ਚੁੰਮਦਾ ਦਲ੍ਹੀਜ਼ ਇਹਦੀ ਸੂਰਜਾ ਸਵੇਰ ਸ਼ਾਮ,
ਧਰਤੀ ਨੂੰ ਐਵੇਂ ਮਗਰੂਰ ਜਿਹਾ ਲੱਗਦਾ ।

ਜਿੰਨਾ ਸਾਡਾ ਗੁਰੂ ਦੇ ਸੰਦੇਸ਼ੜੇ ਤੋਂ ਫ਼ਾਸਲਾ,
ਓਨਾ ਨਨਕਾਣਾ ਸਾਨੂੰ ਦੂਰ ਜਿਹਾ ਲੱਗਦਾ ।

ਮਨ ਪਰਦੇਸੀ / 56