ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ 

ਹਿੰਮਤ ਦੀ ਥਾਂ ਰਹਿੰਦੇ ਹੌਕੇ ਭਰਦੇ ਜੀ।
ਓਹੀ ਲੋਕੀਂ ਮੌਤੋਂ ਪਹਿਲਾਂ ਮਰਦੇ ਜੀ।

ਬਦ-ਇਖ਼ਲਾਕੇ ਨਾਲ ਯਾਰਾਨਾ ਕਿਉਂ ਰੱਖੀਏ,
ਮੈਂ ਸੁਣਿਆ ਪਰਛਾਵੇਂ ਗੱਲਾਂ ਕਰਦੇ ਜੀ।

ਕੱਚੇ ਘਰ ਦੀ ਥੰਮ੍ਹੀ ਕਿਹੜਾ ਬਣਦਾ ਹੈ,
ਮਹਿਲਾਂ ਦੀ ਰਖਵਾਲੀ ਸਾਰੇ ਕਰਦੇ ਜੀ।

ਜਕੜੀ ਬੈਠਾ ਤੰਦੂਆ ਜਿਉਂਦੇ ਲੋਕਾਂ ਨੂੰ,
ਚੋਰਾਂ ਨੂੰ ਵੀ ਚੋਰ ਕਹਿਣ ਤੋਂ ਡਰਦੇ ਜੀ।

ਨੱਕ ਰਗੜਦੈ, ਦਾਨੀ ਬਣਦੈ, ਭੁੱਲੀ ਨਾਂਹ,
ਚੋਰ ਮਨਾਂ ਦੇ ਏਦਾਂ ਕਿੱਥੇ ਮਰਦੇ ਜੀ।

ਘਰ ਪਹੁੰਚਣ ਤੱਕ ਇਕ ਵੀ ਚੇਤੇ ਨਹੀਂ ਰਹਿੰਦੀ,
ਸਿਵਿਆਂ ਅੰਦਰ ਲੋਕ ਜੋ ਗੱਲਾਂ ਕਰਦੇ ਜੀ।

ਰੂਹ ਨੂੰ ਕਰਨ ਹਲਾਲ, ਜੀਭ ਦੀ ਨਸ਼ਤਰ ਸੰਗ,
ਪਤਾ ਨਹੀਂ ਕਿਉਂ ਲੋਕੀਂ ਏਦਾਂ ਕਰਦੇ ਜੀ।

ਮਨ ਪਰਦੇਸੀ / 72