ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹਊਮੈਂ ਦੇ ਪਰਬਤ ਨੂੰ ਏਹੀ ਸੱਚ ਸਮਝਾ ਨਹੀਂ ਹੋਇਆ।
ਸਾਗਰ ਦੀ ਤਹਿ ਹੇਠ ਬੜਾ ਕੁਝ, ਸਾਥੋਂ ਗਾਹ ਨਹੀਂ ਹੋਇਆ।

ਬੇ-ਤਰਤੀਬੇ ਸਾਜ਼ ਨਾਲ ਮੈਂ ਕਿਵੇਂ ਆਵਾਜ਼ ਮਿਲਾਉਂਦਾ,
ਅਪਣੇ ਗੀਤ ਦੀ ਅਜ਼ਮਤ ਖ਼ਾਤਰ ਮੈਥੋਂ ਗਾ ਨਹੀਂ ਹੋਇਆ।

ਗੋਲ ਗਲੋਬ ’ਤੇ ਕੀੜੀ ਵਾਂਗੂੰ ਮੈਂ ਵੀ ਸੀ ਫਿਰ ਸਕਦਾ,
ਮੈਥੋਂ ਤਾਂ ਬਸ ਤੇਰੀ ਰੂਹ 'ਚੋਂ ਬਾਹਰ ਹੀ ਜਾ ਨਹੀਂ ਹੋਇਆ।

ਦੁਸ਼ਮਣ ਨਾਲ ਲੜਨ ਨੂੰ, ਜੀਅ ਤਾਂ ਕਰਦਾ ਸੀ ਸੌ ਵਾਰੀ,
ਸਬਰ, ਸ਼ੁਕਰ, ਸੰਤੋਖ ਵਰਜਿਆ, ਮੱਥਾ ਲਾ ਨਹੀਂ ਹੋਇਆ।

ਹੋ ਸਕਦਾ ਸੀ ਮੈਂ ਵੀ ਤੈਥੋਂ ਉਤਲੀ ਟੀਸੀ ਬਹਿੰਦਾ,
ਧਰਤੀ-ਧਰਮ ਗੁਆ ਕੇ ਮੈਥੋਂ ਅੰਬਰੀਂ ਜਾ ਨਹੀਂ ਹੋਇਆ।

ਲੁਕਣ ਮੀਚੀਆਂ ਖੇਡੇ ਜੀਕੂ ਦਿਲਦਾਰਾਂ ਸੰਗ ਦਿੱਲੀ,
ਤੇਰੇ ਦਿਲ ਦਾ ਭੇਤ ਅਜੇ ਤੱਕ ਮੈਥੋਂ ਪਾ ਨਹੀਂ ਹੋਇਆ।

ਆ ਗਏ ਆਂ ਲੁਧਿਆਣੇ ਭਾਵੇਂ, ਪਿੰਡ ਸਾਹਾਂ ਵਿੱਚ ਰਹਿੰਦਾ,
ਬਾਰ ਪਰਾਏ ਤਾਹੀਓਂ ਸਾਥੋਂ, ਯਾਰੋ ਜਾ ਨਹੀਂ ਹੋਇਆ।

ਮਨ ਪਰਦੇਸੀ / 75