ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵੇਲ ਬੂਟੇ ਬਣ ਧਰਤੀ ਸ਼ਿੰਗਾਰਦੇ ਰਹੋ।
ਤੁਸੀਂ ਮਹਿਕ ਭਰੀ ਜ਼ਿੰਦਗੀ ਗੁਜ਼ਾਰਦੇ ਰਹੋ।

ਤੁਸੀਂ ਰੱਖਣਾ ਸੰਭਾਲ ਸਦਾ ਬੁੱਧੀ ਤੇ ਵਿਵੇਕ,
ਜਿਹਦੇ ਆਸਰੇ ਇਹ ਜ਼ਿੰਦਗੀ ਉਸਾਰਦੇ ਰਹੋ।

ਕਿਤੇ ਜਿੰਦ ਵਾਲੀ ਡੋਰ, ਪੈ ਨਾ ਜਾਵੇ ਕਮਜ਼ੋਰ,
ਤੁਸੀਂ ਸਾਹਾਂ ਵਿਚ ਕਵਿਤਾ ਉਤਾਰਦੇ ਰਹੋ।

ਜਿਵੇਂ ਪੈਂਦੀ ਏ ਤਰੇਲ ਘਾਹ ਦੀ ਹਰੀ ਦਰੀ ਉੱਤੇ,
ਤੁਸੀਂ ਰਹਿਮਤਾਂ ਨੂੰ ਇੰਜ ਹੀ ਫੁਹਾਰਦੇ ਰਹੋ।

ਏਸ ਧਰਤੀ ਦੇ ਜੀਆਂ ਨੂੰ ਮੁਹੱਬਤਾਂ ਦੀ ਲੋੜ,
ਖੇੜੇ ਖੁਸ਼ੀਆਂ ਸਿਆੜਾਂ ’ਚ ਖਿਲਾਰਦੇ ਰਹੋ।

ਇਹ ਵੀ ਧੀਆਂ ਅਤੇ ਪੁੱਤਰਾਂ ਦੀ ਸਾਂਝੀ ਜੁੰਮੇਵਾਰੀ,
ਤੁਸੀਂ ਜ਼ਿੰਦਗੀ ਦੀ ਲਿਟ ਨੂੰ ਸੰਵਾਰਦੇ ਰਹੋ।

ਆਵੇ ਜਿੰਦ ਦੇ ਬਗੀਚੇ ਪੱਤਝੜ ਜਾਂ ਬਹਾਰ,
ਹਰ ਹਾਲ ਤੁਸੀਂ ਰੀਝਾਂ ਨੂੰ ਦੁਲਾਰਦੇ ਰਹੋ।

ਮਨ ਪਰਦੇਸੀ/82