ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੂਰਜ ਜਾਣ ਤੋਂ ਮਗਰੋਂ ਤਾਂ ਬਸ ਕੁਝ ਪਲ ਲੱਗਦੇ ਰਾਤ ਬਣਨ ਲਈ।
ਚੀਰ ਹਨ੍ਹੇਰਾ ਚਾਨਣ ਆਵੇ, ਸਾਡੀ ਸ਼ੁਭ ਪਰਭਾਤ ਬਣਨ ਲਈ।

ਵਕਤ ਦੀਆਂ ਅੱਖਾਂ ਵਿੱਚ ਤੱਕਣਾ, ਸੱਚ 'ਤੇ ਪਹਿਰਾ ਦੇਣਾ ਪੈਣਾ,
ਜ਼ਹਿਰ ਪਿਆਲਾ ਸ਼ਰਤ ਜ਼ਰੂਰੀ ਬੰਦੇ ਤੋਂ ਸੁਕਰਾਤ ਬਣਨ ਲਈ।

ਧਰਤੀ ਧਰਮ ਅਜ਼ਲ ਤੋਂ ਏਹੀ, ਨਿਰਭਉ ਤੇ ਨਿਰਵੈਰ ਸਲੀਕਾ,
ਸੀਸ ਤਲੀ 'ਤੇ ਧਰਨਾ ਲਾਜ਼ਿਮ, ਸੂਰਮਿਆਂ ਦੀ ਜ਼ਾਤ ਬਣਨ ਲਈ।

ਜ਼ਿੰਦਗੀ ਤੇਰੇ ਤੀਕ ਰਸਾਈ, ਸੱਚ ਮੰਨੀਂ ਤੂੰ, ਸਹਿਲ ਨਹੀਂ ਸੀ,
ਵਿੰਗ ਤਵਿੰਗੇ ਮੋੜ ਬੜੇ ਸੀ, ਇਹ ਮੇਰੀ ਔਕਾਤ ਬਣਨ ਲਈ।

ਕਲਮਾਂ ਨੂੰ ਵੀ ਸੀਸ ਕਟਾ ਕੇ ਸ਼ਬਦ ਸਵਾਰੀ ਦਾ ਹੱਕ ਮਿਲਦੈ,
ਤੇਜ਼ ਧਾਰ ’ਤੇ ਤੁਰਨਾ ਪੈਂਦਾ, ਲੋਕ ਮਨਾਂ ਦੀ ਬਾਤ ਬਣਨ ਲਈ।

ਸਾਰਾ ਕੁਝ ਹੀ ਵੈਰੀਆਂ ਨੇ ਤਾਂ ਸਾਡੇ ਮੱਥੇ ਤੇ ਨਹੀਂ ਲਿਖਿਆ,
ਸਾਡੀ ਗਫ਼ਲਤ ਵੀ ਕੁਝ ਸ਼ਾਮਿਲ, ਏਦਾਂ ਦੇ ਹਾਲਾਤ ਬਣਨ ਲਈ।

ਪੱਥਰ ਮਨ ਜਜ਼ਬਾਤ ਵਿਹੂਣਾ ਕਿੰਜ ਪਿਘਲੇਗਾ ਖ਼ੁਦ ਸਮਝਾਓ,
ਦਰਦ ਸਮੁੰਦਰ ਜਲ ਕਣ ਦੇਵੇ, ਹੰਝੂਆਂ ਨੂੰ ਬਰਸਾਤ ਬਣਨ ਲਈ।

ਮਨ ਪਰਦੇਸੀ/85