ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰ ਚੱਲੇ ਹਾਂ ਆਪਾਂ ਯਾਰੋ, ਚੁੱਪ ਰਹਿ ਕੇ ਨਾ ਬੋਲਣ ਕਰਕੇ।
ਮਨ ਪਰਦੇਸੀ ਹੋ ਚੱਲਿਆ ਹੈ ਦਿਲ ਬੂਹਾ ਨਾ ਖੋਲ੍ਹਣ ਕਰਕੇ।

ਸ਼ੱਕੀ ਹੋ ਗਏ ਦੋਵੇਂ ਪੱਲੜੇ, ਦਰ ਦਰ ਪੈਂਦੀ ਹਰ ਦੋ ਲਾਅਣਤ,
ਤੱਕੜੀ ਬੇਵਿਸ਼ਵਾਸੀ ਹੋ ਗਈ ਉੱਚਾ ਨੀਵਾਂ ਤੋਲਣ ਕਰਕੇ।

ਕੂੜਾ ਹੂੰਝਣ ਖਾਤਰ ਬੰਨ੍ਹੀ, ਤੀਲ੍ਹਾ ਤੀਲ੍ਹਾ ਖਿੱਲਰੀ ਬਹੁਕਰ,
ਕੌਡੀ ਮੁੱਲ ਰਿਹਾ ਨਾ ਤਾਂਹੀਂਉਂ ਇੱਕ ਦੂਜੇ ਨੂੰ ਰੋਲਣ ਕਰਕੇ।

ਪੰਜੇ ਦੀ ਅਜ਼ਮਤ ਸੀ ਕਿੰਨੀ, ਜਦ ਤੱਕ ਸੀ ਸ਼ੁਭਕਰਮਨ ਕਰਦਾ,
ਹੁਣ ਤਾਂ ਵਾਂਗ ਚਪੇੜ ਦੇ ਲੱਗੇ, ਨੀਤ ਮੁਰਾਦੋਂ ਡੋਲਣ ਕਰਕੇ।

ਸਣੇ ਦਾਤਰੀ ਸਿੱਟੇ ਵਾਲੇ, ਪਤਾ ਨਹੀਂ ਜੀ ਕਿੱਥੇ ਤੁਰ ਗਏ,
ਵਾਂਗ ਹਥੌੜੇ ਵੱਜਣ ਵਾਲੇ, ਹੱਕ ਸੱਚ ਦੇ ਲਈ ਬੋਲਣ ਵਾਲੇ।

ਲੱਭਦੇ ਨਹੀਂ ਸੁਪਨੀਲੇ ਘੋੜੇ, ਨਸਲ ਖ਼ਤਮ ਹੀ ਹੋ ਗਈ ਜਾਪੇ,
ਚਿੱਟੇ ਹਾਥੀ, ਹੂਟਰ, ਹੰਟਰ ਚਾਰ ਚੁਫ਼ੇਰ ਮਧੋਲਣ ਵਾਲੇ।

ਤੂੰ ਵੀ ਉਨ੍ਹਾਂ 'ਚੋਂ ਨਹੀਂ ਲੱਗਦਾ, ਜੋ ਕਰਦੇ ਸੀ ਪਹਿਰੇਦਾਰੀ,
ਕਵੀਆ! ਕਲਮ ਚਲਾ ਕੇ ਜਿਹੜੇ, ਲੀਰਾਂ ਖਿੱਦੋ ਫ਼ੋਲਣ ਵਾਲੇ।

ਮਨ ਪਰਦੇਸੀ /88