ਇਹ ਵਰਕਾ ਤਸਦੀਕ ਕੀਤਾ ਗਿਆ ਏ
ਮਿਲਦਿਆਂ ਤੈਨੂੰ ਮੇਰਾ ਕੈਸਾ ਮੁਕੱਦਰ ਹੋ ਗਿਆ।
ਪਿਆਰ ਕਤਰਾ ਮਿਲ ਗਿਆ, ਮੈਂ ਵੀ ਸਮੁੰਦਰ ਹੋ ਗਿਆ।
ਮੇਰਿਆਂ ਖ਼੍ਵਾਬਾਂ 'ਚ ਤੂੰ ਜਾਂ ਰਾਤ ਰਾਣੀ ਮਹਿਕਦੀ,
ਮੇਰੇ ਚਾਅ ਦਾ ਕੱਦ ਵੀ ਤੇਰੇ ਬਰਾਬਰ ਹੋ ਗਿਆ।
ਮੇਰੀ ਰੂਹ ਦਾ ਸਿਦਕ ਵੀ ਅੱਜ ਮੌਲਿਆ ਬਣ ਕੇ ਬਹਾਰ,
ਸੋਨ ਰੰਗੀ ਧਰਤ ਦਾ, ਜੀਕੂੰ ਸਵੰਬਰ ਹੋ ਗਿਆ।
ਮਿਲ ਗਈ ਪਰਵਾਜ਼ ਮੈਨੂੰ, ਖੰਭ ਲਾਉਂਦੇ ਤਾਰੀਆਂ,
ਮਿਲ ਗਿਆ ਏ ਸਾਥ ਤੇਰਾ, ਮੈਂ ਵੀ ਅੰਬਰ ਹੋ ਗਿਆ।
ਮੇਰਿਆਂ ਨੈਣਾਂ ਚੋਂ ਹੰਝੂ, ਖ਼ੁਸ਼ਕ ਹੋਣੋਂ ਬਚ ਗਏ,
ਮਿਲਣ ਦਾ ਇਕਰਾਰ ਹੀ ਅਸਲੀ ਪੈਗੰਬਰ ਹੋ ਗਿਆ।
ਤੂੰ ਖਲੋਤੇ ਪਾਣੀਆਂ 'ਤੇ ਨਜ਼ਰ ਕੀਤੀ, ਬਾ ਕਮਾਲ,
ਬਹੁਤ ਗੰਧਲੀ ਝੀਲ ਦਾ ਪਾਣੀ ਵੀ ਸਰਵਰ ਹੋ ਗਿਆ।
ਸੁਰ ਮਿਲੇ ਸ਼ਬਦਾਂ ਨੂੰ ਸੰਗੀ, ਤਾਲ ਵੀ ਨੇ ਆ ਜੁੜੇ,
ਖ਼ੌਲਦਾ ਮਨ ਭਟਕਦਾ ਸੀ, ਸ਼ਾਂਤ ਸਾਗਰ ਹੋ ਗਿਆ।
.
ਮਨ ਪਰਦੇਸੀ/ 94