ਇਹ ਵਰਕਾ ਤਸਦੀਕ ਕੀਤਾ ਗਿਆ ਏ
ਸ਼ਾਮਾਂ ਨੂੰ ਸੂਰਜ ਜਾਂਦਿਆਂ ਇਕਰਾਰ ਕਰ ਗਿਆ।
ਮੁੜਿਆ ਨਾ ਸਾਰੀ ਰਾਤ ਹੱਦਾਂ ਪਾਰ ਕਰ ਗਿਆ।
ਮਹਿਰਮ ਦਿਲਾਂ ਦਾ ਕੰਡ ਕਰਕੇ ਦੂਰ ਬਹਿ ਗਿਆ,
ਪੁੱਛੋ ਨਾ ਦਿਲ ਦਾ ਹਾਲ ਕੀ, ਬੀਮਾਰ ਕਰ ਗਿਆ।
ਕਦਮਾਂ ਤੋਂ ਕੁਝ ਕੁ ਦੂਰ ਪਰ ਰੂਹੋਂ ਕਰੋੜਾਂ ਮੀਲ,
ਖ਼ੌਰੇ ਪਤਾ ਨਹੀਂ ਕੌਣ ਇਹ ਦੀਵਾਰ ਕਰ ਗਿਆ।
ਮਾਰਾਂ ਆਵਾਜ਼, ਪਰਤ ਆਵੇ ਫਿਰ ਤੋਂ ਮੇਰੇ ਕੋਲ,
ਵੇਖੋ ਬੇਰਹਿਮ ਵਕਤ ਕੀ ਕੀ ਵਾਰ ਕਰ ਗਿਆ।
ਮੈਨੂੰ ਨਜ਼ਰ ਭਰ ਵੇਖਿਆ, ਪਹਿਚਾਣਿਆ ਨਹੀਂ,
ਦੱਸਾਂ ਕਿਵੇਂ ਮੈਂ ਰੂਹ 'ਤੇ ਕਿੰਨਾ ਭਾਰ ਕਰ ਗਿਆ।
ਯਾਦਾਂ 'ਚੋਂ ਕਾਹਦਾ ਨਿਕਲਿਆ ਦਿਲਦਾਰ ਮਲਕੜੇ,
ਮੇਰਾ ਵਜੂਦ ਬਰਫ਼, ਠੰਢਾ ਠਾਰ ਕਰ ਗਿਆ।
ਮੇਰਾ ਖ਼੍ਵਾਬ ਘੁਲ਼ ਗਿਆ, ਸ਼ਬਦਾਂ 'ਚ ਇਸ ਤਰ੍ਹਾਂ,
ਅੰਬਰ, ਸਮੁੰਦਰ, ਧਰਤ ਨੂੰ ਪਰਿਵਾਰ ਕਰ ਗਿਆ।
.
ਮਨ ਪਰਦੇਸੀ/ 96